ਨਵੀਂ ਦਿੱਲੀ— ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਪਾਰਟੀ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ 'ਚ ਮਹਿੰਗਾਈ ਲਈ ਮੁਗਲ ਜ਼ਿੰਮੇਵਾਰ ਨਹੀਂ ਹਨ। ਤਾਜ ਮਹਿਲ ਨਾ ਹੁੰਦਾ ਤਾਂ ਅੱਜ ਪੈਟਰੋਲ ਦੀ ਕੀਮਤ 40 ਰੁਪਏ ਪ੍ਰਤੀ ਲੀਟਰ ਹੋਣੀ ਸੀ।
ਓਵੈਸੀ ਨੇ ਇਕ ਜਨ ਸਭਾ ਵਿਚ ਕਿਹਾ ਕਿ ਸੱਤਾਧਾਰੀ ਪਾਰਟੀ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਲਈ ਮੁਗਲਾਂ ਅਤੇ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਉਨ੍ਹਾਂ ਕਿਹਾ, ‘ਦੇਸ਼ ਵਿੱਚ ਨੌਜਵਾਨ ਬੇਰੁਜ਼ਗਾਰ ਹਨ, ਮਹਿੰਗਾਈ ਵਧ ਰਹੀ ਹੈ, ਡੀਜ਼ਲ 102 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਅਸਲ ਵਿੱਚ ਇਸ ਸਭ ਲਈ ਔਰੰਗਜ਼ੇਬ ਜ਼ਿੰਮੇਵਾਰ ਹੈ, (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਨਹੀਂ। ਬਾਦਸ਼ਾਹ ਅਕਬਰ ਬੇਰੁਜ਼ਗਾਰੀ ਲਈ ਜ਼ਿੰਮੇਵਾਰ ਹੈ। ਅੱਜ ਪੈਟਰੋਲ ਦੀ ਕੀਮਤ 104 ਰੁਪਏ ਪ੍ਰਤੀ ਲੀਟਰ ਵਿਕ ਰਹੀ ਹੈ, ਜਿਸ ਲਈ ਉਹ ਜ਼ਿੰਮੇਵਾਰ ਹੈ, ਜਿਸ ਨੇ ਤਾਜ ਮਹਿਲ ਬਣਵਾਇਆ ਹੈ।
ਓਵੈਸੀ ਨੇ ਇਹ ਵੀ ਕਿਹਾ, 'ਜੇਕਰ ਉਨ੍ਹਾਂ ਨੇ ਤਾਜ ਮਹਿਲ ਨਾ ਬਣਾਇਆ ਹੁੰਦਾ ਤਾਂ ਅੱਜ ਪੈਟਰੋਲ ਦੀ ਕੀਮਤ 40 ਰੁਪਏ ਪ੍ਰਤੀ ਲੀਟਰ ਹੋਣੀ ਸੀ। ਉਨ੍ਹਾਂ ਅੱਗੇ ਕਿਹਾ, 'ਪ੍ਰਧਾਨ ਮੰਤਰੀ, ਮੈਂ ਸਵੀਕਾਰ ਕਰਦਾ ਹਾਂ ਕਿ ਉਨ੍ਹਾਂ (ਸ਼ਾਹ ਜਹਾਂ) ਨੇ ਤਾਜ ਮਹਿਲ ਅਤੇ ਲਾਲ ਕਿਲ੍ਹਾ ਬਣਾ ਕੇ ਗਲਤੀ ਕੀਤੀ ਹੈ। ਉਸ ਨੂੰ ਇਹ ਪੈਸਾ ਬਚਾਉਣਾ ਚਾਹੀਦਾ ਸੀ ਤਾਂ ਜੋ 2014 ਵਿੱਚ ਮੋਦੀ ਜੀ ਨੂੰ ਸੌਂਪ ਦਿੱਤਾ ਜਾਂਦਾ। ਹਰ ਮੁੱਦੇ 'ਤੇ ਉਹ ਕਹਿੰਦੇ ਹਨ ਕਿ ਮੁਸਲਮਾਨ ਜ਼ਿੰਮੇਵਾਰ ਹਨ, ਮੁਗਲ ਜ਼ਿੰਮੇਵਾਰ ਹਨ।