ਨਵੀਂ ਦਿੱਲੀ:ਦਿੱਲੀ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਏਮਜ਼ (AIIMS) ਵਿੱਚ ਚੱਲ ਰਹੀ ਨਰਸ ਯੂਨੀਅਨ ਦੀ ਹੜਤਾਲ ਖ਼ਤਮ ਹੋ ਗਈ ਹੈ। ਨਰਸ ਯੂਨੀਅਨ ਦੇ ਪ੍ਰਧਾਨ ਹਰੀਸ਼ ਕਾਲੜਾ ਦੀ ਮੁਅੱਤਲੀ ਤੋਂ ਨਾਰਾਜ਼ ਨਰਸਿੰਗ ਅਫਸਰ ਨੇ ਏਮਜ਼ ਕੈਂਪਸ ਵਿੱਚ ਹੀ ਹੜਤਾਲ ਸ਼ੁਰੂ ਕਰ ਦਿੱਤੀ। ਨਰਸ ਯੂਨੀਅਨ ਨੂੰ ਦੇਸ਼ ਭਰ ਦੇ ਸਾਰੇ ਹਸਪਤਾਲਾਂ ਦੀਆਂ ਨਰਸ ਯੂਨੀਅਨਾਂ ਦਾ ਸਮਰਥਨ ਵੀ ਮਿਲ ਰਿਹਾ ਸੀ ਪਰ ਇਸ ਦੌਰਾਨ ਹੜਤਾਲ ਕਾਰਨ ਸਾਰੀਆਂ ਨਿਰਧਾਰਤ ਸਰਜਰੀਆਂ ਰੱਦ ਕਰਨੀਆਂ ਪਈਆਂ, ਜਿਸ ਕਾਰਨ ਮਹੀਨਿਆਂ ਤੋਂ ਉਡੀਕ ਕਰ ਰਹੇ ਮਰੀਜ਼ਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ|
ਮਰੀਜ਼ਾਂ ਦੀ ਇਸ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਨੇ ਐਸੇਂਸ਼ੀਅਲ ਸਰਵਿਸ ਐਕਟ (Essential Service Act) ਤਹਿਤ ਨਰਸਾਂ ਯੂਨੀਅਨ ਦੀ ਹੜਤਾਲ ਨੂੰ ਗਲਤ ਕਰਾਰ ਦਿੰਦਿਆਂ ਸਾਰੇ ਹੜਤਾਲੀ ਕਰਮਚਾਰੀਆਂ ਨੂੰ ਹੜਤਾਲ ਖਤਮ ਕਰਕੇ ਡਿਊਟੀ 'ਤੇ ਜੁਆਇਨ ਕਰਨ ਦੇ ਹੁਕਮ ਜਾਰੀ ਕੀਤੇ ਹਨ।