ਲਖਨਊ:ਐਨਆਈਏ/ਏਟੀਐਸ ਦੇ ਵਿਸ਼ੇਸ਼ ਜੱਜ ਵਿਵੇਕਾਨੰਦ ਸ਼ਰਨ ਤ੍ਰਿਪਾਠੀ ਨੇ ਗੋਰਖਨਾਥ ਮੰਦਰ ਦੀ ਸੁਰੱਖਿਆ ਵਿਚ ਤਾਇਨਾਤ ਪੀਏਸੀ ਜਵਾਨਾਂ 'ਤੇ ਹਮਲੇ ਅਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਮਾਮਲੇ ਵਿਚ ਦੋਸ਼ੀ ਅਹਿਮਦ ਮੁਰਤਜ਼ਾ ਅੱਬਾਸੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 27 ਜਨਵਰੀ ਨੂੰ ਅਹਿਮਦ ਮੁਰਤਜ਼ਾ ਅੱਬਾਸੀ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਦੱਸ ਦੇਈਏ ਕਿ ਇਸ ਮਾਮਲੇ ਦੀ ਰਿਪੋਰਟ 4 ਅਪ੍ਰੈਲ 2022 ਨੂੰ ਵਿਨੈ ਕੁਮਾਰ ਮਿਸ਼ਰਾ ਨੇ ਗੋਰਖਨਾਥ ਥਾਣੇ 'ਚ ਦਰਜ ਕਰਵਾਈ ਸੀ। ਐਫਆਈਆਰ ਅਨੁਸਾਰ ਗੋਰਖਨਾਥ ਮੰਦਰ ਦੀ ਸੁਰੱਖਿਆ ਵਿੱਚ ਤਾਇਨਾਤ ਪੀਏਸੀ ਜਵਾਨ ਅਨਿਲ ਕੁਮਾਰ ਪਾਸਵਾਨ ਨੂੰ ਮੁਲਜ਼ਮ ਅਹਿਮਦ ਮੁਰਤਜ਼ਾ ਅੱਬਾਸੀ ਨੇ ਬਾਂਕੇ ਤੋਂ ਅਚਾਨਕ ਹਮਲਾ ਕਰਕੇ ਹਥਿਆਰ ਖੋਹਣ ਦੀ ਕੋਸ਼ਿਸ਼ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਰਾਈਫਲ ਸੜਕ 'ਤੇ ਡਿੱਗ ਗਈ। ਜਦੋਂ ਕੋਈ ਹੋਰ ਸਿਪਾਹੀ ਉਸ ਨੂੰ ਬਚਾਉਣ ਆਇਆ ਤਾਂ ਉਸ ਨੂੰ ਵੀ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਮੌਕੇ 'ਤੇ ਮੌਜੂਦ ਹੋਰ ਪੁਲਸ ਮੁਲਾਜ਼ਮਾਂ ਨੇ ਜ਼ਖਮੀ ਜਵਾਨ ਅਤੇ ਉਸ ਦੀ ਰਾਈਫਲ ਨੂੰ ਚੁੱਕ ਲਿਆ। ਇਸ ਦੌਰਾਨ ਮੁਲਜ਼ਮ ਨਾਰਾ-ਏ-ਤਕਬੀਰ, ਅੱਲਾਹ-ਹੂ-ਅਕਬਰ ਦੇ ਨਾਅਰੇ ਲਾਉਂਦੇ ਹੋਏ ਪੀਏਸੀ ਚੌਂਕੀ ਵੱਲ ਭੱਜੇ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਮੁਲਜ਼ਮ ਦੇ ਹੱਥ ਉੱਤੇ ਵੱਡੇ ਬਾਂਸ ਦੇ ਨਾਲ ਸੱਟ ਮਾਰੀ ਗਈ , ਜਿਸ ਕਾਰਨ ਉਸ ਦੇ ਹੱਥ ਤੋਂ ਡੰਡਾ ਡਿੱਗ ਗਿਆ। ਫਿਰ ਲੋੜੀਂਦੇ ਬਲ ਦੀ ਵਰਤੋਂ ਕਰਕੇ ਦੋਸ਼ੀ ਨੂੰ ਫੜ ਲਿਆ ਗਿਆ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਹੋਰ ਚੀਜ਼ਾਂ ਸਮੇਤ ਉਰਦੂ ਭਾਸ਼ਾ 'ਚ ਲਿਖੀ ਇੱਕ ਧਾਰਮਿਕ ਕਿਤਾਬ ਵੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ:Bharat Jodo Yatra Concludes in Snow Fall : ਭਾਰੀ ਬਰਫ਼ਬਾਰੀ ਵਿੱਚ ਭਾਰਤ ਜੋੜੋ ਯਾਤਰਾ ਦੀ Closing Ceremony ਅਤੇ ਰਾਹੁਲ ਗਾਂਧੀ ਦੀ ਮਸਤੀ, ਵੇਖੋ ਵੀਡੀਓ
ਸਰਕਾਰੀ ਵਕੀਲ ਐੱਮ.ਕੇ.ਸਿੰਘ ਮੁਤਾਬਕ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ 'ਤੇ ਇਸ ਮਾਮਲੇ 'ਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 16/18/20/40 ਦੀ ਕਾਰਵਾਈ ਕੀਤੀ ਗਈ। ਮਾਮਲੇ ਦੀ ਜਾਂਚ ਏਟੀਐਸ ਨੂੰ ਸੌਂਪੀ ਗਈ ਸੀ। ਦੱਸ ਦਈਏ ਮੁਲਜ਼ਮ ਨੂੰ 25 ਅਪ੍ਰੈਲ 2022 ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ, ਏਟੀਐਸ ਨੇ ਮੁਰਤਜ਼ਾ ਦਾ ਨਿਆਂਇਕ ਅਤੇ ਪੁਲਿਸ ਹਿਰਾਸਤ ਰਿਮਾਂਡ ਵੀ ਹਾਸਲ ਕੀਤਾ ਸੀ।