ਪਟਨਾ: ਅਗਨੀਪਥ ਯੋਜਨਾ ਦੇ ਵਿਰੋਧ 'ਚ ਅੱਜ ਤੀਜੇ ਦਿਨ ਵੀ ਬਿਹਾਰ ਦੇ ਬਕਸਰ 'ਚ ਵਿਦਿਆਰਥੀ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਡੁਮਰਾਓਂ ਰੇਲਵੇ ਸਟੇਸ਼ਨ ਦੀਆਂ ਅਪ ਅਤੇ ਡਾਊਨ ਲਾਈਨਾਂ ਜਾਮ ਹੋ ਗਈਆਂ। ਦਿੱਲੀ-ਕੋਲਕਾਤਾ ਰੇਲ ਮਾਰਗ 'ਤੇ ਜਾਮ ਲੱਗਣ ਕਾਰਨ ਕਈ ਟਰੇਨਾਂ ਘੰਟਿਆਂ ਤੱਕ ਫਸੀਆਂ ਰਹੀਆਂ। ਫੌਜ ਦੀ ਭਰਤੀ ਦੇ ਨਵੇਂ ਨਿਯਮ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਸਵੇਰੇ 5 ਵਜੇ ਤੋਂ ਹੀ ਰੇਲਵੇ ਟਰੈਕ 'ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਹ ਵੀ ਪੜੋ:ਅਗਨੀਪਥ ਯੋਜਨਾ: ਭਰਤੀ ਲਈ ਉਮਰ ਸੀਮਾ 21 ਤੋਂ ਵਧਾ ਕੇ ਕੀਤੀ 23 ਸਾਲ
ਲਖੀਸਰਾਏ 'ਚ ਟਰੇਨ ਫੂਕੀ:ਦੂਜੇ ਪਾਸੇ ਲਖੀਸਰਾਏ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਵਿਕਰਮਸ਼ਿਲਾ ਐਕਸਪ੍ਰੈੱਸ ਦੀਆਂ ਤਿੰਨ ਬੋਗੀਆਂ ਨੂੰ ਅੱਗ ਲਗਾ ਦਿੱਤੀ, 5 ਬੋਗੀਆਂ ਦੇ ਸ਼ੀਸ਼ੇ ਟੁੱਟ ਗਏ। ਪੱਤਰਕਾਰਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ। ਯਾਤਰੀ ਦੇ ਮੋਬਾਈਲ ਫੋਨ ਵੀ ਖੋਹ ਲਏ ਗਏ। ਰੇਲਵੇ ਟਰੈਕ 'ਤੇ ਅੱਗ ਲੱਗ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਪੂਰੀ ਟਰੇਨ ਨੂੰ ਖਾਲੀ ਕਰਵਾ ਕੇ ਯਾਤਰੀਆਂ ਦਾ ਸਮਾਨ ਵੀ ਲੁੱਟ ਲਿਆ। ਹਾਜੀਪੁਰ 'ਚ ਵੀ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ। ਰੇਲਵੇ ਸਟੇਸ਼ਨ ਦੀ ਭੰਨਤੋੜ ਕੀਤੀ ਜਾ ਰਹੀ ਹੈ। ਪੁਲਿਸ ਨੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਹੈ।
ਦਿੱਲੀ-ਕੋਲਕਾਤਾ ਰੇਲ ਮੇਨ ਰੋਡ ਜਾਮ:ਅਗਨੀਪਥ ਯੋਜਨਾ ਦੇ ਵਿਰੋਧ 'ਚ ਬਕਸਰ ਦੇ ਡੁਮਰਾਓਂ ਰੇਲਵੇ ਸਟੇਸ਼ਨ ਦੇ ਟ੍ਰੈਕ 'ਤੇ ਉਤਰੇ ਹਜ਼ਾਰਾਂ ਵਿਦਿਆਰਥੀਆਂ ਨੇ ਦਿੱਲੀ-ਕੋਲਕਾਤਾ ਮੁੱਖ ਰੇਲ ਮਾਰਗ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਹੈ। ਜਿਸ ਕਾਰਨ ਕਈ ਟਰੇਨਾਂ ਨੂੰ ਰੋਕਿਆ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਟਰੈਕ 'ਤੇ ਉਤਰੇ ਵਿਦਿਆਰਥੀ ਇਹ ਕਹਿ ਕੇ ਭਾਰਤ ਮਾਤਾ ਦੇ ਜੈਕਾਰੇ ਲਗਾ ਰਹੇ ਹਨ ਕਿ ਫੌਜੀ ਭਰਤੀ ਦੇ ਇਸ ਨਵੇਂ ਨਿਯਮ ਨੂੰ ਵਾਪਸ ਲਿਆ ਜਾਵੇ।
ਫੌਜ ਦੀ ਬਹਾਲੀ ਤੋਂ ਟੀਓਟੀ ਹਟਾਉਣ ਦੀ ਮੰਗ:ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨੇਤਾਵਾਂ ਜਾਂ ਵਿਧਾਇਕਾਂ ਸਾਰਿਆਂ ਨੂੰ 5 ਸਾਲ ਦਾ ਸਮਾਂ ਮਿਲਦਾ ਹੈ। 4 ਸਾਲਾਂ ਵਿੱਚ ਸਾਡਾ ਕੀ ਬਣੇਗਾ ? ਸਾਡੇ ਕੋਲ ਪੈਨਸ਼ਨ ਦੀ ਸਹੂਲਤ ਵੀ ਨਹੀਂ ਹੈ, 4 ਸਾਲਾਂ ਬਾਅਦ ਸੜਕਾਂ 'ਤੇ ਆਵਾਂਗੇ। ਚਾਰ ਸਾਲ ਪੂਰੇ ਹੋਣ ਤੋਂ ਬਾਅਦ ਭਾਵੇਂ 25 ਫੀਸਦੀ ਅਗਨੀਵੀਰ ਪੱਕੇ ਕੇਡਰ ਵਿੱਚ ਭਰਤੀ ਹੋ ਜਾਣ, ਬਾਕੀ 75% ਦਾ ਕੀ ਹੋਵੇਗਾ ? ਇਹ ਕਿੱਥੋਂ ਦਾ ਇਨਸਾਫ ਹੈ ? ਇਸ ਦੇ ਨਾਲ ਹੀ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਇਸ ਸਕੀਮ ਤੋਂ ਪਰੇਸ਼ਾਨ ਹਨ ਅਤੇ ਸਾਨੂੰ ਨੌਕਰੀ ਦੀ ਗਰੰਟੀ ਨਹੀਂ ਮਿਲ ਰਹੀ ਹੈ।