ਕੋਲਕਾਤਾ : ਕੇਰਲ ਦੇ ਪਠਾਨਮਥਿੱਟਾ ਜ਼ਿਲੇ ਵਿੱਚ ਇਕ ਦਰਦਨਾਕ ਘਟਨਾ ਵਾਪਰੀ ਸੀ, ਜਿੱਥੇ ਆਪਣੇ ਘਰ ਦੀ ਖੁਸ਼ਹਾਲੀ ਲਈ ਕਥਿਤ ਤੌਰ 'ਤੇ ਦੋ ਔਰਤਾਂ ਦੀ ਬਲੀ ਦਿੱਤੀ ਗਈ ਸੀ। ਇਸਦੀ ਯਾਦ ਦਿਵਾਉਂਦੇ ਹੋਏ ਕੋਲਕਾਤਾ ਵਿੱਚ ਕਾਲੇ ਜਾਦੂ ਅਤੇ ਇਕ ਤਾਂਤਰਿਕ ਦੇ ਪਿੱਛੇ ਲੱਗ ਕੇ ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢ ਦੀ ਇੱਕ ਨਾਬਾਲਗ ਕੁੜੀ ਵੱਢ ਦਿੱਤੀ। ਇਹ ਕਰਤੂਤ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਕੋਲਕਾਤਾ ਦੇ ਤਿਲਜਾਲਾ 'ਚ ਐਤਵਾਰ ਨੂੰ ਇਹ ਭਿਆਨਕ ਘਟਨਾ ਵਾਪਰੀ ਹੈ, ਜਿੱਥੇ ਅਲੋਕ ਕੁਮਾਰ ਨਾਂ ਦੇ ਵਿਅਕਤੀ ਨੇ ਪੁਲਿਸ ਸਾਹਮਣੇ ਕਬੂਲ ਕੀਤਾ ਕਿ ਉਸਨੇ ਆਪਣੇ ਗੁਆਂਢੀ ਦੀ 7 ਸਾਲਾ ਧੀ ਦਾ ਤਾਂਤਰਿਕ ਦੇ ਕਹਿਣ ਉੱਤੇ ਕਤਲ ਕਰ ਦਿੱਤਾ। ਬਿਹਾਰ ਦੇ ਰਹਿਣ ਵਾਲੇ ਦੋਸ਼ੀ ਤਾਂਤਰਿਕ ਵੱਲੋਂ ਨਾਬਾਲਗ ਲੜਕੀ ਦੀ ਬਲੀ ਦੇਣ ਦੀ ਸਲਾਹ ਦਿੱਤੀ ਸੀ ਕਿ ਇਸ ਨਾਲ ਉਸਦੇ ਘਰ ਬੱਚਾ ਹੋਵੇਗਾ।
ਘਰਵਾਲੀ ਦੇ ਗਰਪਾਤ ਤੋਂ ਬਾਅਦ ਲਈ ਸੀ ਸਲਾਹ :ਜਾਣਕਾਰੀ ਮੁਤਾਬਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਅਲੋਕ ਦੀ ਪਤਨੀ ਦੇ ਤਿੰਨ ਗਰਭਪਾਤ ਹੋ ਚੁੱਕੇ ਸਨ, ਜਿਸ ਕਾਰਨ ਉਸ ਨੇ ਤਾਂਤਰਿਕ ਦੀ ਸਲਾਹ ਲਈ ਸੀ। ਕਥਿਤ ਦੋਸ਼ੀ ਨੇ ਤਾਂਤਰਿਕ ਦੇ ਕਹਿਣ 'ਤੇ ਬੱਚੇ ਦਾ ਕਤਲ ਕਰਨ ਦੀ ਗੱਲ ਵੀ ਮੰਨ ਲਈ ਹੈ। ਮ੍ਰਿਤਕ ਲੜਕੀ ਐਤਵਾਰ ਸਵੇਰੇ ਕੂੜਾ ਸੁੱਟਣ ਲਈ ਬਾਹਰ ਨਿਕਲਣ ਤੋਂ ਬਾਅਦ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਜਦੋਂ 12 ਘੰਟੇ ਬਾਅਦ ਵੀ ਲੜਕੀ ਨਹੀਂ ਆਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਤਿਲਜਾਲਾ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨੇ ਲੜਕੀ ਨੂੰ ਗੁਆਂਢੀ ਦੇ ਘਰ ਜਾਂਦੇ ਦੇਖਿਆ ਹੈ। ਹਾਲਾਂਕਿ ਪੁਲਿਸ ਨੇ ਕਥਿਤ ਤੌਰ 'ਤੇ ਉਸ ਸਮੇਂ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਸੀ। ਬਾਅਦ 'ਚ ਪੁਲਸ ਨੂੰ ਗੁਆਂਢੀ ਦੇ ਫਲੈਟ 'ਚੋਂ ਇਕ ਬੈਗ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਮ੍ਰਿਤਕ ਲੜਕੀ ਦੀ ਲਾਸ਼ ਸਾਹਮਣੇ ਆਈ। ਪਰਿਵਾਰ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ਦਾ ਗਲਾ ਵੱਢ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।