ਤਾਮਿਲਨਾਡੂ/ ਚੇਨਈ: ਤਾਮਿਲਨਾਡੂ 'ਚ ਪ੍ਰਵਾਸੀ ਮਜ਼ਦੂਰਾਂ 'ਤੇ ਕਥਿਤ ਹਮਲਿਆਂ ਦੇ ਮਾਮਲੇ 'ਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਕੇਸ ਦਰਜ ਹੋਣ ਤੋਂ ਬਾਅਦ, ਰਾਜ ਭਾਜਪਾ ਦੇ ਮੁਖੀ ਕੇ ਅੰਨਾਮਲਾਈ ਨੇ ਐਤਵਾਰ ਨੂੰ ਐਮਕੇ ਸਟਾਲਿਨ ਦੀ ਅਗਵਾਈ ਵਾਲੀ ਡੀਐਮਕੇ ਸਰਕਾਰ ਨੂੰ '24 ਘੰਟਿਆਂ ਦੇ ਅੰਦਰ ਉਸ ਨੂੰ ਗ੍ਰਿਫਤਾਰ ਕਰਨ' ਦੀ ਚੁਣੌਤੀ ਦਿੱਤੀ। ਭਾਜਪਾ ਆਗੂ ਨੇ ਸੂਬਾ ਸਰਕਾਰ ’ਤੇ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਦਾ ਦੋਸ਼ ਲਾਇਆ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਡੀਐਮਕੇ ਸਰਕਾਰ ਮਹਿਸੂਸ ਕਰਦੀ ਹੈ ਕਿ ਉਹ ਝੂਠੇ ਕੇਸ ਦਰਜ ਕਰਕੇ ਲੋਕਤੰਤਰ ਦੀ ਆਵਾਜ਼ ਨੂੰ ਦਬਾ ਸਕਦੀ ਹੈ। ਇੱਕ ਆਮ ਆਦਮੀ ਵਜੋਂ, ਮੈਂ ਤੁਹਾਨੂੰ 24 ਘੰਟੇ ਦਿੰਦਾ ਹਾਂ, ਜੇ ਹੋ ਸਕੇ ਤਾਂ ਮੈਨੂੰ ਛੂਹੋ।
ਦੱਸ ਦੇਈਏ ਕਿ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਭਾਜਪਾ ਨੇਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਸ 'ਤੇ ਹਿੰਸਾ ਭੜਕਾਉਣ ਅਤੇ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣ ਦਾ ਇਲਜ਼ਾਮ ਹੈ। ਇੱਕ ਦਿਨ ਪਹਿਲਾਂ, ਅੰਨਾਮਾਲਾਈ ਨੇ ਤਾਮਿਲਨਾਡੂ ਵਿੱਚ ਪ੍ਰਵਾਸੀ ਮਜ਼ਦੂਰਾਂ ਬਾਰੇ ਚੱਲ ਰਹੇ ਵਿਵਾਦ ਲਈ ਰਾਜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਅੰਨਾਮਾਲਾਈ ਨੇ ਟਵਿੱਟਰ 'ਤੇ ਇਹ ਵੀ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕੀਤਾ ਕਿਉਂਕਿ ਉਸ ਨੇ ਉੱਤਰੀ ਭਾਰਤ ਦੇ ਲੋਕਾਂ ਵਿਰੁੱਧ ਡੀਐਮਕੇ ਦੇ ਸੱਤ ਦਹਾਕਿਆਂ ਦੇ ਭੈੜੇ ਪ੍ਰਚਾਰ ਦਾ ਪਰਦਾਫਾਸ਼ ਕੀਤਾ ਸੀ।
ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਡੀਐਮਕੇ ਨੇ ਉੱਤਰੀ ਭਾਰਤੀ ਭਰਾਵਾਂ ਵਿਰੁੱਧ ਆਪਣੇ 7 ਦਹਾਕਿਆਂ ਦੇ ਭੈੜੇ ਪ੍ਰਚਾਰ ਦਾ ਪਰਦਾਫਾਸ਼ ਕਰਨ ਲਈ ਮੇਰੇ ਵਿਰੁੱਧ ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕਿਹਾ ਹੈ ਉਸ ਦਾ ਵੀਡੀਓ ਸਬੂਤ ਹੈ। ਇਹ ਗੱਲ ਮੈਂ ਕੱਲ੍ਹ ਵੀ ਆਪਣੀ ਪ੍ਰੈਸ ਬਿਆਨ ਵਿੱਚ ਦੱਸੀ ਸੀ। ਅੰਨਾਮਾਲਾਈ ਨੇ ਕਿਹਾ ਕਿ ਮੈਂ ਫਾਸੀਵਾਦੀ ਡੀਐਮਕੇ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੈਨੂੰ ਗ੍ਰਿਫਤਾਰ ਕਰੇ। ਭਾਜਪਾ ਨੇਤਾ ਨੇ ਕੱਲ੍ਹ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਤਾਮਿਲਨਾਡੂ ਵਿੱਚ ਸੁਰੱਖਿਅਤ ਹਨ, ਪਰ ਮੁੱਖ ਮੰਤਰੀ ਸਟਾਲਿਨ ਦੀ ਅਗਵਾਈ ਵਾਲੀ ਡੀਐਮਕੇ ਅਤੇ ਇਸ ਦੇ ਗੱਠਜੋੜ ਦੇ ਨੇਤਾ ਨਫ਼ਰਤ ਦਾ ਕਾਰਨ ਹਨ।