ਲਖਨਊ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਦੀ ਹੱਤਿਆ ਕਰਨ ਵਾਲੇ ਸ਼ੂਟਰ ਪੱਤਰਕਾਰ ਬਣ ਕੇ ਆਏ ਸਨ। ਅਜਿਹੇ 'ਚ ਸਾਵਧਾਨੀ ਵਰਤਦੇ ਹੋਏ ਰਾਜਧਾਨੀ ਲਖਨਊ ਦੇ ਕਾਲੀਦਾਸ ਮਾਰਗ 'ਤੇ ਕਿਸੇ ਵੀ ਮੀਡੀਆ ਵਾਲੇ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਾਲੀਦਾਸ ਮਾਰਗ 'ਤੇ ਸੀਐਮ ਯੋਗੀ ਆਦਿਤਿਆਨਾਥ, ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਸਮੇਤ ਕਈ ਮੰਤਰੀਆਂ ਦੇ ਘਰ ਹਨ। ਇਸ ਤੋਂ ਇਲਾਵਾ ਕਾਲੀਦਾਸ ਮਾਰਗ 'ਤੇ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਪ੍ਰਯਾਗਰਾਜ ਦੇ ਕੋਲਵਿਨ ਹਸਪਤਾਲ 'ਚ ਦੇਰ ਰਾਤ ਮੈਡੀਕਲ ਜਾਂਚ ਲਈ ਲਿਜਾਂਦੇ ਸਮੇਂ ਤਿੰਨ ਸ਼ੂਟਰਾਂ ਨੇ ਬੇਰਹਿਮੀ ਨਾਲ ਗੋਲੀਬਾਰੀ ਕਰਕੇ ਮਾਰ ਦਿੱਤਾ। ਇਹ ਤਿੰਨੇ ਸ਼ੂਟਰ ਮੀਡੀਆ ਕਰਮੀ ਬਣ ਕੇ ਮੌਕੇ 'ਤੇ ਪਹੁੰਚੇ ਸਨ। ਇਸ ਘਟਨਾ ਤੋਂ ਬਾਅਦ ਸੂਬੇ ਭਰ 'ਚ ਹਾਈ ਅਲਰਟ ਐਲਾਨਦੇ ਹੋਏ ਪ੍ਰਮੁੱਖ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਕਾਰਨ ਲਖਨਊ ਦੇ ਹਜ਼ਰਤਗੰਜ ਥਾਣੇ ਅਧੀਨ ਕਾਲੀਦਾਸ ਮਾਰਗ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇੱਥੇ ਮੀਡੀਆ ਵਾਲਿਆਂ ਦੇ ਦਾਖ਼ਲੇ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਸੀਐਮ ਸਮੇਤ ਦਰਜਨਾਂ ਮੰਤਰੀਆਂ ਦੀ ਰਿਹਾਇਸ਼: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਰਿਹਾਇਸ਼ ਕਾਲੀਦਾਸ ਮਾਰਗ 'ਤੇ ਹੈ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਕੈਬਨਿਟ ਮੰਤਰੀ ਸੁਰੇਸ਼ ਖੰਨਾ, ਦਯਾਸ਼ੰਕਰ ਸਿੰਘ, ਸੂਰਿਆ ਪ੍ਰਤਾਪ ਸ਼ਾਹੀ, ਧਰਮਵੀਰ ਪ੍ਰਜਾਪਤੀ ਸਮੇਤ ਦਰਜਨ ਭਰ ਮੰਤਰੀਆਂ ਦੇ ਘਰ ਵੀ ਕਾਲੀਦਾਸ ਮਾਰਗ 'ਤੇ ਹਨ। ਅਜਿਹੇ 'ਚ ਇੱਥੇ ਬਾਹਰੀ ਲੋਕਾਂ ਦੇ ਨਾਲ-ਨਾਲ ਮੀਡੀਆ ਵਾਲਿਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।