ਵਿਜੇਵਾੜਾ:ਕੌਸ਼ਲ ਵਿਕਾਸ ਨਿਗਮ ਘੁਟਾਲੇ 'ਚ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਗ੍ਰਿਫਤਾਰੀ 'ਤੇ ਛੇ ਘੰਟੇ ਤੋਂ ਵੱਧ ਸਮੇਂ ਤੱਕ ਬਹਿਸ ਸੁਣਨ ਤੋਂ ਬਾਅਦ ਵਿਜੇਵਾੜਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਅਦਾਲਤ ਨੇ ਉਨ੍ਹਾਂ ਨੂੰ 23 ਸਤੰਬਰ ਤੱਕ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੂੰ ਭ੍ਰਿਸ਼ਟਾਚਾਰ ਦੇ ਇੱਕ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ 10 ਸਤੰਬਰ ਨੂੰ ਏਸੀਬੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਪਰੀਮ ਕੋਰਟ ਦੇ ਵਕੀਲ ਸਿਧਾਰਥ ਲੂਥਰਾ ਅਤੇ ਵਕੀਲਾਂ ਦੀ ਟੀਮ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਾਇਡੂ ਦੀ ਨੁਮਾਇੰਦਗੀ ਕਰ ਰਹੀ ਹੈ। ਤੇਲਗੂ ਦੇਸ਼ਮ ਪਾਰਟੀ (TDP) ਦੇ ਮੁਖੀ ਐਨ ਚੰਦਰਬਾਬੂ ਨਾਇਡੂ ਨੂੰ ਐਤਵਾਰ ਤੜਕੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਜਾਂਚ ਲਈ ਲਿਆਂਦਾ ਗਿਆ।
ਸਿਆਸੀ ਬਦਲਾਖੋਰੀ ਦੇ ਵਿੱਚ ਗ੍ਰਿਫ਼ਤਾਰ: ਇਸ ਦੌਰਾਨ ਵਿਜੇਵਾੜਾ ਦੇ ਸਰਕਾਰੀ ਹਸਪਤਾਲ ਦੇ ਨਾਲ-ਨਾਲ ਏ.ਸੀ.ਬੀ. ਕੋਰਟ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ (TDP) ਦੇ ਸੰਸਦ ਮੈਂਬਰ ਰਵਿੰਦਰ ਕੁਮਾਰ ਨੇ ਸ਼ਨੀਵਾਰ ਨੂੰ ਰਾਜ ਸਰਕਾਰ ਅਤੇ ਸੀਆਈਡੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਗ੍ਰਿਫਤਾਰੀ ਦੇ 20 ਘੰਟੇ ਬਾਅਦ ਅਦਾਲਤ ਵਿੱਚ ਪੇਸ਼ ਕਰਨ ਵਿੱਚ ਇੰਨੀ ਦੇਰੀ ਕਿਉਂ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਿਆਸੀ ਬਦਲਾਖੋਰੀ ਦੇ ਚਲਦਿਆਂ ਹੀ ਨਾਇਡੂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਸਾਂਸਦ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕੇਸ ਦਰਜ ਕਰਕੇ ਚਾਰਜਸ਼ੀਟ ਤਿਆਰ ਕਰ ਲਈ ਹੈ ਤਾਂ ਪੇਸ਼ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ।