ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਰੈਪੋ ਰੇਟ ਵਧਾਉਣ ਤੋਂ ਬਾਅਦ ਦੇਸ਼ ਦੇ ਕਈ ਬੈਂਕਾਂ ਨੇ ਵੀ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਵੀ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕਈ ਹੋਰ ਬੈਂਕਾਂ ਨੇ ਵੀ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ। ਉਦੋਂ ਤੋਂ ਬੈਂਕਾਂ ਨੇ ਵੀ ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਅੱਜ ਤੋਂ ਲਾਗੂ ਹੋਣਗੀਆਂ ਨਵੀਂਆਂ ਦਰਾਂ:ਐਸਬੀਆਈ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਬਾਹਰੀ ਬੈਂਚਮਾਰਕ ਉਧਾਰ ਦਰ (EBLR) ਅਤੇ ਰੇਪੋ ਰੇਟ ਸਬੰਧਤ ਉਧਾਰ ਦਰ (RLLR) ਵਿੱਚ 50 ਅਧਾਰ ਅੰਕ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ EBLR 8.55 ਫੀਸਦੀ ਅਤੇ RLLR 8.15 'ਤੇ ਪਹੁੰਚ ਗਿਆ ਹੈ। ਨਵੀਆਂ ਦਰਾਂ ਸ਼ਨੀਵਾਰ ਯਾਨੀ ਅੱਜ ਤੋਂ ਲਾਗੂ ਹੋਣਗੀਆਂ। ਬੈਂਕ ਆਫ ਇੰਡੀਆ ਨੇ RBLR ਨੂੰ ਵਧਾ ਕੇ 8.75 ਫੀਸਦੀ ਕਰ ਦਿੱਤਾ ਹੈ। ICICI ਬੈਂਕ ਨੇ ਵੀ ਆਪਣਾ EBLR ਵਧਾ ਦਿੱਤਾ ਹੈ ਅਤੇ ਇਹ ਵਧ ਕੇ 9.60 ਫੀਸਦੀ ਹੋ ਗਿਆ ਹੈ।
EBLR ਉਹ ਵਿਆਜ ਦਰ ਹੈ ਜਿਸ ਤੋਂ ਘੱਟ ਦਰ 'ਤੇ ਬੈਂਕ ਕਰਜ਼ ਦੇਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਲੋਨ ਦਰ ਵੱਧਣ ਨਾਲ ਉਨ੍ਹਾਂ ਲੋਕਾਂ ਦੀ EMI ਵਧੇਗੀ ਜਿਨ੍ਹਾਂ ਨੇ EBLR ਜਾਂ RLLR 'ਤੇ ਲੋਨ ਲਿਆ ਹੈ। HDFC ਨੇ ਹੋਮ ਲੋਨ ਦੀ ਵਿਆਜ ਦਰ 'ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਨਵੀਂ ਦਰ 1 ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਵਿੱਤੀ ਸੰਸਥਾ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਸੱਤਵੀਂ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।