ਹੈਦਰਾਬਾਦ: ਅਫਗਾਨਿਸਤਾਨ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਖਦਸ਼ੇ ਹਨ। ਲੋਕ ਜਿੰਨੀ ਜਲਦੀ ਹੋ ਸਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਤਾਲਿਬਾਨ ਦੇ ਕਬਜ਼ੇ ਦੇ ਵਿਚਕਾਰ ਅਫਗਾਨਿਸਤਾਨ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਲੋਕ ਜਹਾਜ਼ ਦੇ ਪਹੀਆਂ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਕਾਬੁਲ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਡਰਾਉਣੇ ਵੀਡੀਓ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਜਹਾਜ਼ ਦੇ ਪਹੀਆਂ ਨਾਲ ਬੰਨ੍ਹਿਆ ਸੀ ਉਹ ਜਹਾਜ਼ ਦੇ ਹਵਾ ਵਿੱਚ ਉਡਾਣ ਭਰਨ ਤੋਂ ਬਾਅਦ ਹੇਠਾਂ ਡਿੱਗ ਗਏ।
ਇਜ਼ਰਾਈਲ ਦੀ ਸਟੇਟ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨਾਲ ਜੁੜੇ ਅਮੀਚਾਈ ਸਟੀਨ ਨੇ ਦੋ ਸਮਾਨ ਵੀਡੀਓ ਟਵੀਟ ਕੀਤੇ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਕਾਬੁਲ ਵਿੱਚ ਆਪਣੇ ਆਪ ਨੂੰ ਜਹਾਜ਼ ਦੇ ਪਹੀਏ ਨਾਲ ਬੰਨ੍ਹਣ ਵਾਲੇ ਲੋਕ ਜਹਾਜ਼ ਤੋਂ ਹੇਠਾਂ ਡਿੱਗ ਗਏ।
ਇੱਕ ਹੋਰ ਟਵੀਟ ਵਿੱਚ ਅਮੀਚਾਈ ਸਟੀਨ (Amichai Stein) ਨੇ ਵੀਡੀਓ ਰਾਹੀਂ ਦੱਸਿਆ ਹੈ ਕਿ ਲੋਕਾਂ ਵਿੱਚ ਇੰਨੀ ਜ਼ਿਆਦਾ ਅਸੁਰੱਖਿਆ ਹੈ, ਕਿ ਉਹ ਅਮਰੀਕੀ ਜਹਾਜ਼ ਦੇ ਨਾਲ ਰਨਵੇਅ ਉੱਤੇ ਦੌੜਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਜਹਾਜ਼ ਅਮਰੀਕੀ ਹਵਾਈ ਸੈਨਾ ਦਾ ਹੈ।