ਤਿਰੂਵਨੰਤਪੁਰਮ: ਐੱਸਐੱਫਆਈ ਵਰਕਰਾਂ ਵੱਲੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਦੇ ਵਾਇਨਾਡ ਦਫ਼ਤਰ ਵਿੱਚ ਕਥਿਤ ਤੌਰ ’ਤੇ ਭੰਨਤੋੜ ਕਰਨ ਤੋਂ ਕੁਝ ਘੰਟਿਆਂ ਬਾਅਦ, ਕੇਰਲ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਏਡੀਜੀਪੀ ਰੈਂਕ ਦੇ ਇੱਕ ਅਧਿਕਾਰੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਲਪੇਟਾ ਦੇ ਡੀਐਸਪੀ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡੀਐਸਪੀ ਖ਼ਿਲਾਫ਼ ਵੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਕਾਂਗਰਸ ਸੰਸਦ ਰਾਹੁਲ ਗਾਂਧੀ ਦੇ ਵਾਇਨਾਡ ਦਫਤਰ 'ਤੇ ਹਮਲੇ ਤੋਂ ਬਾਅਦ ਸੀਪੀਐਮ ਦੇ ਵਿਦਿਆਰਥੀ ਵਿੰਗ ਐਸਐਫਆਈ ਦੇ ਅੱਠ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਰਾਹੁਲ ਦੇ ਦਫ਼ਤਰ ਦੀ ਭੰਨਤੋੜ ਕੀਤੀ। ਹਾਲਾਂਕਿ, ਕਾਂਗਰਸ ਨੇ ਸੀਪੀਐਮ ਸਰਕਾਰ ਅਤੇ ਭਾਜਪਾ ਦੋਵਾਂ 'ਤੇ ਦੋਸ਼ ਲਗਾਏ ਹਨ।
ਘਟਨਾਵਾਂ ਦੀ ਉੱਚ ਪੱਧਰੀ ਜਾਂਚ : ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਰਾਜ ਸਰਕਾਰ ਗਾਂਧੀ ਦੇ ਦਫ਼ਤਰ ਤੱਕ ਮਾਰਚ ਅਤੇ ਉਸ ਤੋਂ ਬਾਅਦ ਵਾਪਰੀਆਂ ਅਣਸੁਖਾਵੀਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰੇਗੀ। ਇੱਕ ਬਿਆਨ ਅਨੁਸਾਰ ਪੁਲਿਸ ਹੈੱਡਕੁਆਰਟਰ ਦੇ ਏਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇੱਕ ਹਫ਼ਤੇ ਵਿੱਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਘਟਨਾ ਦੇ ਸਮੇਂ ਖੇਤਰ ਦੇ ਇੰਚਾਰਜ ਕਲਪੇਟਾ ਡੀਐਸਪੀ ਨੂੰ ਜਾਂਚ ਜਾਰੀ ਰਹਿਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਸੱਤਾਧਾਰੀ ਸੀਪੀਆਈ (ਐਮ) ਦੇ ਵਿਦਿਆਰਥੀ ਵਿੰਗ ਐਸਐਫਆਈ ਦੁਆਰਾ ਵਾਇਨਾਡ ਵਿੱਚ ਕਾਂਗਰਸ ਸੰਸਦ ਦੇ ਦਫਤਰ ਦੇ ਖਿਲਾਫ ਇੱਕ ਰੋਸ ਮਾਰਚ ਹਿੰਸਕ ਹੋ ਗਿਆ ਕਿਉਂਕਿ ਕਾਰਕੁਨਾਂ ਦੇ ਇੱਕ ਸਮੂਹ ਨੇ ਕਥਿਤ ਤੌਰ 'ਤੇ ਲੋਕ ਸਭਾ ਮੈਂਬਰ ਦੇ ਦਫਤਰ ਵਿੱਚ ਦਾਖਲ ਹੋ ਕੇ ਇਸ ਦੀ ਭੰਨਤੋੜ ਕੀਤੀ, ਜਿਸ ਨਾਲ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਸ ਦੀ ਸਖਤ ਨਿੰਦਾ ਕੀਤੀ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿਸਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਦੇ ਖਿਲਾਫ ਪੁਲਿਸ ਸਖ਼ਤ ਕਾਰਵਾਈ ਕਰੇਗੀ।