ਚੰਡੀਗੜ੍ਹ: ਭਾਰਤ ਜੋੜੋ ਯਾਤਰਾ ਤੋਂ ਮਗਰੋਂ ਵਾਪਿਸ ਪਰਤੇ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਵੱਖ ਵੱਖ ਮੁੱਦਿਆਂ ਨੂੰ ਲੈਕੇ ਕੇਂਦਰ ਸਰਕਾਰ ਉੱਤੇ ਜ਼ਬਰਦਸਤ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਸਭ ਤੋਂ ਜ਼ਿਆਦਾ ਇੱਕ ਨਾਂਅ ਸੁਣਨ ਨੂੰ ਮਿਲਿਆ ਜੋ ਕਿ ਅਡਾਨੀ ਗਰੁੱਪ ਦਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਿਹਾ ਕਿ ਪਹਿਲਾਂ ਅਡਾਨੀ ਗਰੁੱਪ ਬੱਸ ਕੁੱਝ ਕੰਮਾਂ ਵਿੱਚ ਦਿਖਾਈ ਦਿੰਦਾ ਸੀ ਪਰ ਅੱਜ ਸਮਿੰਟ ਤੋਂ ਲੈਕੇ ਦੇਸ਼ ਦੇ ਹਰ ਛੋਟੇ ਵੱਡੇ ਧੰਦੇ ਵਿੱਚ ਅਡਾਨੀ ਗਰੁੱਪ ਨੇ ਆਪਣੇ ਕਬਜ਼ਾ ਕਰਕੇ ਦੇਸ਼ ਦੇ ਆਮ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ।
ਸਰਕਾਰੀ ਸੰਪੱਤੀ ਵੇਚੀ:ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅੱਜ ਭਾਰਤੀ ਰੇਲਵੇ ਤੋਂ ਲੈਕੇ ਹਵਾਈ ਅੱਡਿਆਂ ਨੂੰ ਅਡਾਨੀ ਵਰਗੇ ਅਮੀਰਾਂ ਦੀ ਸੰਪੱਤੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਕਾਰਪੋਰੇਟਾਂ ਲੋਕਾਂ ਨੂੰ ਖ਼ਾਸ ਫਾਇਦੇ ਪਹੁੰਚਾਉਣ ਲਈ ਪੀਐੱਮ ਵਿਦੇਸ਼ਾਂ ਦੇ ਦੌਰੇ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਅਡਾਨੀ ਵਰਗੇ ਕਾਰੋਪੇਰੇਟਾਂ ਤੋਂ ਕਿਸਾਨ ਅਤੇ ਦੇਸ਼ ਦਾ ਨੌਜਵਾਨ ਸਿੱਧੇ ਅਸਿੱਧੇ ਤੌਰ ਉੱਤੇ ਦੁਖੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੀਮਾ ਯੋਜਨਾ ਵਿੱਚ ਕਿਸਾਨਾਂ ਨੇ ਪੈਸੇ ਤਾਂ ਜਮ੍ਹਾਂ ਕਰਵਾਏ ਪਰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਦੇ ਪੈਸਿਆਂ ਨੂੰ ਸਰਕਾਰ ਨੇ ਗਬਨ ਕਰ ਲਿਆ। ਨਾਲ ਹੀ ਉਨ੍ਹਾਂ ਕਿਹਾ ਕਿ ਗਰੀਬ ਕਿਸਾਨਾਂ ਤੋਂ ਵਿਕਾਸ ਦੇ ਨਾਂਅ ਉੱਤੇ ਕੇਂਦਰ ਨੇ ਜ਼ਮੀਨਾਂ ਤਾਂ ਲੈ ਲਈਆਂ ਪਰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ।