ਨਵੀਂ ਦਿੱਲੀ: ਰਾਜਧਾਨੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਇਕ ਨਾਬਾਲਗ ਲੜਕੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਾਹਿਲ ਖਾਨ ਨੂੰ 2 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮੁਲਜ਼ਮ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿੱਚ ਉਸ ਦੀ ਮਾਸੀ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ, ਜਿਸ 'ਤੇ ਅਦਾਲਤ ਨੇ ਉਸ ਦਾ ਸਿਰਫ 2 ਦਿਨ ਦਾ ਰਿਮਾਂਡ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਕਤਲ 'ਚ ਵਰਤਿਆ ਗਿਆ ਚਾਕੂ ਬਰਾਮਦ ਕਰਨ ਲਈ ਉਸ ਨੂੰ ਰਿਮਾਂਡ 'ਤੇ ਲੈਣਾ ਜ਼ਰੂਰੀ ਸੀ। ਇਸ ਦੇ ਨਾਲ ਹੀ, ਪੁਲਿਸ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਕੀ ਸਾਹਿਲ ਨੇ ਨਾਬਾਲਗ ਲੜਕੀ ਦਾ ਬਿਨਾਂ ਕਿਸੇ ਯੋਜਨਾ ਦੇ ਕਤਲ ਕੀਤਾ ਜਾਂ ਇਹ ਸੋਚੀ ਸਮਝੀ ਸਾਜ਼ਿਸ਼ ਰਹੀ। ਜ਼ਿਕਰਯੋਗ ਹੈ ਕਿ ਐਤਵਾਰ ਰਾਤ ਸਾਹਿਲ ਨੇ 16 ਸਾਲਾ ਲੜਕੀ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਮੁਲਜ਼ਮ ਨੇ ਲੜਕੀ ਦੇ ਚਾਕੂ ਨਾਲ ਕਈ ਵਾਰ ਕੀਤੇ।
ਕੁੜੀ ਵੱਲੋਂ ਗੱਲ ਕਰਨੀ ਬੰਦ ਕਰਨ 'ਤੇ ਕਤਲ: ਦੱਸਿਆ ਗਿਆ ਕਿ ਮੁਲਜ਼ਮ ਨੇ ਲੜਕੀ ਦਾ ਕਤਲ ਸਿਰਫ ਇਸ ਲਈ ਕੀਤਾ, ਕਿਉਂਕਿ ਲੜਕੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਉਹ 3 ਸਾਲਾਂ ਤੋਂ ਲੜਕੀ ਨਾਲ ਗੱਲ ਕਰ ਰਿਹਾ ਸੀ, ਪਰ ਜਦੋਂ ਲੜਕੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਉਸ ਨੇ ਲੜਕੀ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਹਿਲ ਆਪਣਾ ਮੋਬਾਈਲ ਘਰ ਛੱਡ ਕੇ ਬੁਲੰਦਸ਼ਹਿਰ ਸਥਿਤ ਆਪਣੀ ਮਾਸੀ ਦੇ ਘਰ ਚਲਾ ਗਿਆ। ਪਤਾ ਲੱਗਾ ਹੈ ਕਿ ਉਹ ਬੱਸ ਰਾਹੀਂ ਬੁਲੰਦਸ਼ਹਿਰ ਗਿਆ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਉਸ ਦੀ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਭੂਆ ਦੇ ਘਰ ਪਹੁੰਚ ਕੇ ਸੌਂ ਰਿਹਾ ਸੀ ਸਾਹਿਲ: ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਨਾਬਾਲਗ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਾਹਿਲ ਦੀ ਬੁਲੰਦਸ਼ਹਿਰ ਦੇ ਅਤਰੇਨਾ ਪਿੰਡ 'ਚ ਭੂਆ ਰਹਿੰਦੀ ਹੈ। ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਭੂਆ ਦੇ ਘਰ ਪਹੁੰਚਿਆ। ਸਾਹਿਲ ਦੀ ਭੂਆ ਦੇ ਲੜਕੇ ਅਮਨ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਘਰ ਪਹੁੰਚਿਆ ਸੀ। ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਵਿਆਹ ਲਈ ਆਇਆ ਹੈ। ਇਸ ਤੋਂ ਬਾਅਦ ਉਹ ਸੌਂ ਗਿਆ। ਅਮਨ ਨੇ ਦੱਸਿਆ ਕਿ ਦਿੱਲੀ ਪੁਲਿਸ ਦੁਪਹਿਰ ਕਰੀਬ 2.30 ਵਜੇ ਉਨ੍ਹਾਂ ਦੇ ਘਰ ਪਹੁੰਚੀ। ਸਾਹਿਲ ਉਸ ਸਮੇਂ ਸੁੱਤਾ ਪਿਆ ਸੀ। ਪੁਲਿਸ ਸਾਹਿਲ ਨੂੰ ਜਗਾ ਕੇ ਪਹਾਸੂ ਥਾਣੇ ਲੈ ਗਈ। ਥਾਣੇ ਵਿਚ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦਿੱਲੀ ਪੁਲਿਸ ਸਾਹਿਲ ਨੂੰ ਨਜ਼ਦੀਕੀ ਸੀਐਚਸੀ ਲੈ ਗਈ ਅਤੇ ਉਥੇ ਸਾਹਿਲ ਦਾ ਮੈਡੀਕਲ ਚੈਕਅੱਪ ਕਰਵਾਉਣ ਤੋਂ ਬਾਅਦ ਪੁਲਿਸ ਦਿੱਲੀ ਲਈ ਰਵਾਨਾ ਹੋ ਗਈ।