ਬੈਂਗਲੁਰੂ: ਕਰਨਾਟਕ ਦੇ ਹਸਨ ਜ਼ਿਲੇ ਦੇ ਇਕ ਵਿਅਕਤੀ, ਜੋ ਕਿ ਚੋਰੀ ਦੇ ਦੋਸ਼ 'ਚ ਕਰੀਬ 26 ਸਾਲਾਂ ਤੋਂ ਫਰਾਰ ਸੀ, ਨੂੰ ਆਖਰਕਾਰ ਮੰਗਲਵਾਰ ਨੂੰ ਬੈਂਗਲੁਰੂ ਦੇ ਇਕ ਰੈਸਟੋਰੈਂਟ 'ਚੋਂ ਗ੍ਰਿਫਤਾਰ ਕਰ ਲਿਆ ਗਿਆ। ਉਹ ਇੱਥੇ ਕੁੱਕ ਵਜੋਂ ਕੰਮ ਕਰਦਾ ਸੀ।
ਹਸਨ ਦੇ ਅਲੁਰੂ ਦੇ ਰਹਿਣ ਵਾਲੇ ਦੇਵਗੌੜਾ ਨੂੰ 1997 ਵਿੱਚ ਕਾਮਾਕਸ਼ੀਪਾਲਿਆ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਉਹ ਫਰਾਰ ਹੋ ਗਿਆ ਅਤੇ ਉਦੋਂ ਤੋਂ ਹੀ ਫਰਾਰ ਸੀ। ਅਦਾਲਤ ਨੇ ਕਈ ਵਾਰੰਟ ਜਾਰੀ ਕੀਤੇ, ਪਰ ਗੌੜਾ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਪੁਲਿਸ ਪਿਛਲੇ 26 ਸਾਲਾਂ ਤੋਂ ਰਾਜ ਭਰ ਵਿੱਚ ਉਸਦੀ ਭਾਲ ਕਰ ਰਹੀ ਸੀ ਪਰ ਉਸਨੂੰ ਲੱਭਣ ਵਿੱਚ ਅਸਫਲ ਰਹੀ ਸੀ।
ਕਾਮਾਕਸ਼ੀਪਾਲਿਆ ਪੁਲਿਸ ਨੂੰ ਮਿਲੀ ਸੂਹ ਤੋਂ ਬਾਅਦ ਇੱਕ ਟੀਮ ਨੇ ਉਸਨੂੰ ਅਦਾਲਤ ਦੇ ਨੇੜੇ ਇੱਕ ਰੈਸਟੋਰੈਂਟ ਤੋਂ ਕਾਬੂ ਕੀਤਾ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕਾਮਾਕਸ਼ੀਪਾਲਿਆ ਥਾਣੇ ਲਿਆਂਦਾ ਗਿਆ। ਪੁਲਿਸ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਰੈਸਟੋਰੈਂਟ 'ਚ ਰਸੋਈਏ ਦਾ ਕੰਮ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਹੀ ਅਦਾਲਤ 'ਚ ਪੇਸ਼ ਕੀਤਾ ਜਾ ਚੁੱਕਾ ਹੈ।
12 ਸਾਲ ਤੋਂ ਭਗੌੜਾ ਮੁਲਜ਼ਮ ਮੁੰਬਈ 'ਚ ਫੜਿਆ ਗਿਆ:ਇਸੇ ਤਰ੍ਹਾਂ ਦੇ ਇਕ ਮਾਮਲੇ 'ਚ ਨਵੰਬਰ 'ਚ ਮੁੰਬਈ ਦੇ ਬਾਹਰੀ ਇਲਾਕੇ 'ਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ 12 ਸਾਲ ਪਹਿਲਾਂ ਪੈਰੋਲ ਪੂਰੀ ਹੋਣ ਤੋਂ ਬਾਅਦ ਤੋਂ ਫਰਾਰ ਸੀ। ਮੁੰਬਈ ਸੈਸ਼ਨ ਕੋਰਟ ਨੇ 2010 ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (NDPS) ਐਕਟ ਦੇ ਤਹਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਸੀ। ਉਸਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ ਨਾਸਿਕ ਰੋਡ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਇਸ ਵਿਅਕਤੀ ਨੂੰ 2011 ਵਿੱਚ 30 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ ਪਰ ਉਹ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਮੀਰਾ ਰੋਡ 'ਚ ਆਪਣੀ ਦੂਜੀ ਪਤਨੀ ਨਾਲ ਰਹਿ ਰਿਹਾ ਸੀ। ਇਸ ’ਤੇ ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।