ਨਵੀਂ ਦਿੱਲੀ:ਦਿੱਲੀ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਗੋਇਲ ਨੇ ਮੰਗਲਵਾਰ ਨੂੰ ਰਿਸ਼ਵਤ 'ਚ ਮਿਲੇ ਨੋਟਾਂ ਦਾ ਬੰਡਲ ਦਿਖਾਉਂਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਦਿੱਲੀ ਦੇ ਸਰਕਾਰੀ ਹਸਪਤਾਲ 'ਚ ਠੇਕੇਦਾਰ ਮੁਲਾਜ਼ਮਾਂ ਨੂੰ ਠੇਕੇ 'ਤੇ ਰੱਖਣ ਦੀ ਬਜਾਏ ਪੈਸੇ ਲੈ ਕੇ ਵੱਡੀ ਖੇਡ ਖੇਡਦੇ ਹਨ। ਜਾਣਕਾਰੀ ਮੁਤਾਬਕ ਆਪ ਵਿਧਾਇਕ ਕੁੱਲ 15 ਲੱਖ ਰੁਪਏ ਰਿਸ਼ਵਤ ਲੈ ਕੇ ਵਿਧਾਨ ਸਭਾ ਪਹੁੰਚੇ ਸਨ।
ਰਿਠਾਲਾ ਤੋਂ 'ਆਪ' ਵਿਧਾਇਕ ਮਹਿੰਦਰ ਗੋਇਲ ਨੇ ਹਸਪਤਾਲ 'ਚ ਠੇਕੇ 'ਤੇ ਮੁਲਾਜ਼ਮਾਂ ਨੂੰ ਰੱਖਣ ਦੇ ਬਦਲੇ ਪੈਸੇ ਲੈਣ ਦੇ ਮਾਮਲੇ 'ਤੇ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ 'ਚ ਵਿਰੋਧੀ ਧਿਰ ਦਾ ਸਹਿਯੋਗ ਵੀ ਮੰਗਿਆ ਹੈ। ‘ਆਪ’ ਵਿਧਾਇਕ ਮਹਿੰਦਰ ਗੋਇਲ ਨੇ ਕਿਹਾ ਕਿ ਇਹ ਮੁੱਦਾ ਅੱਜ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਠੇਕੇਦਾਰ ਮਾਫੀਆ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਕਰ ਸਕਦੇ ਹਨ। ਇਸ 'ਤੇ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਨੇ 'ਆਪ' ਵਿਧਾਇਕ ਨੂੰ ਪੂਰੇ ਮਾਮਲੇ 'ਚ ਲਿਖਤੀ ਸ਼ਿਕਾਇਤ ਅਤੇ ਸਬੂਤ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਜਾਂਚ ਲਈ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਕੋਲ ਭੇਜਣਗੇ।
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਬੁੱਧਵਾਰ ਨੂੰ ਨਿਯਮ 280 ਵਿਸ਼ੇਸ਼ ਦੇ ਤਹਿਤ ਜਦੋਂ ਵਿਧਾਇਕ ਵੱਖ-ਵੱਖ ਮੁੱਦਿਆਂ 'ਤੇ ਬੋਲ ਰਹੇ ਸਨ ਤਾਂ ਮਹਿੰਦਰ ਗੋਇਲ ਨੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਠੇਕੇ 'ਤੇ ਕਰਮਚਾਰੀਆਂ ਨੂੰ ਰੱਖਣ ਦਾ ਮੁੱਦਾ ਉਠਾਇਆ। ਉਨ੍ਹਾਂ ਆਪਣੇ ਹਲਕੇ ਦੇ ਹਸਪਤਾਲ ਅਤੇ ਗੈਂਗਸਟਰਾਂ ਦੇ ਗੰਭੀਰ ਮੁੱਦੇ ਨੂੰ ਵੀ ਚੁੱਕਿਆ।