ਬੈਂਗਲੁਰੂ:ਕਰਨਾਟਕ ਦੇ ਬੈਂਗਲੁਰੂ ਵਿੱਚ ਇੱਕ ਜੋੜੇ ਦੀ ਅਜੀਬੋ-ਗਰੀਬ ਹਾਲਤ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਥਰੂਮ 'ਚ ਗੈਸ ਗੀਜ਼ਰ 'ਚੋਂ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਕਾਰਨ ਨਹਾਉਣ ਗਏ ਜੋੜੇ ਦੀ ਮੌਤ ਹੋ ਗਈ। ਇਹ ਘਟਨਾ 10 ਜੂਨ ਦੀ ਦੱਸੀ ਜਾਂਦੀ ਹੈ, ਜੋ ਯਲਹੰਕਾ ਤਾਲੁਕ ਦੇ ਚਿੱਕਜਾਲਾ ਦੇ ਤਰਬਨਹੱਲੀ ਵਿੱਚ ਵਾਪਰੀ ਸੀ। ਮ੍ਰਿਤਕਾਂ ਦੀ ਪਛਾਣ ਚਮਰਾਜਨਗਰ ਜ਼ਿਲ੍ਹੇ ਦੇ ਗੁੰਡਲੁਪੇਟ ਤਾਲੁਕ ਦੇ ਚੰਦਰਸ਼ੇਖਰ ਅਤੇ ਬੇਲਗਾਮ ਜ਼ਿਲ੍ਹੇ ਦੇ ਗੋਕਾਕ ਤਾਲੁਕ ਦੀ ਸੁਧਾਰਾਨੀ ਵਜੋਂ ਹੋਈ ਹੈ।
ਕੁੱਝ ਦਿਨਾਂ ਪਹਿਲਾ ਹੀ ਜੋੜੇ ਦਾ ਵਿਆਹ ਹੋਣ ਵਾਲਾ ਸੀ
ਪਤਾ ਲੱਗਾ ਹੈ ਕਿ ਇਹ ਜੋੜਾ ਅਣਵਿਆਹਿਆ ਸੀ। ਦੋਵੇਂ ਕੁਝ ਹੀ ਦਿਨਾਂ 'ਚ ਵਿਆਹ ਕਰਨ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸਵੇਰੇ ਜਦੋਂ ਚੰਦਰਸ਼ੇਖਰ ਅਤੇ ਸੁਧਾਰਾਨੀ ਖਿੜਕੀ ਅਤੇ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਕਰਕੇ ਨਹਾਉਣ ਗਏ ਤਾਂ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਗਈ। ਜਦੋਂ ਦੋਵੇਂ ਕਈ ਘੰਟੇ ਬਾਹਰ ਨਾ ਆਏ ਤਾਂ ਘਰ ਦੇ ਮਾਲਕ ਨੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਮਿਲਣ 'ਤੇ ਉਸ ਨੂੰ ਕਿਸੇ ਅਣਸੁਖਾਵੀਂ ਗੱਲ ਦਾ ਸ਼ੱਕ ਹੋਇਆ।
ਇਸ ਤੋਂ ਬਾਅਦ ਘਰ ਦੇ ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਫੀ ਦੇਰ ਤੱਕ ਬਾਹਰੋਂ ਫੋਨ ਕੀਤੇ ਪਰ ਕੋਈ ਜਵਾਬ ਨਾ ਮਿਲਣ ’ਤੇ ਪੁਲਿਸ ਨੂੰ ਦਰਵਾਜ਼ਾ ਤੋੜਨਾ ਪਿਆ। ਪੁਲਿਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਨਹਾਉਂਦੇ ਸਮੇਂ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਦੋਹਾਂ ਦੀ ਮੌਤ ਹੋ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ। ਮਕਾਨ ਮਾਲਕ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਚਿੱਕਾਜਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।