ਲੁਧਿਆਣਾ: ਇੱਕ ਪਾਸੇ ਪੰਜਾਬ ਸਰਕਾਰ ਸੂਬੇ 'ਚ ਨਿਵੇਸ਼ ਲਿਆਉਣ ਦੇ ਦਾਅਵੇ ਕਰ ਰਹੀ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਕਾਰੋਬਾਰੀ ਸੂਬੇ ਤੋਂ ਬਾਹਰ ਨਿਵੇਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੇ ਚੱਲਦਿਆਂ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਲੁਧਿਆਣਾ ਦੇ ਵੱਡੇ ਕਾਰੋਬਾਰੀਆਂ ਨੇ CM ਯੋਗੀ ਨਾਲ ਮੁਲਾਕਾਤ ਕੀਤੀ। ਜਿਸ 'ਚ 2 ਲੱਖ 35 ਹਜ਼ਾਰ ਕਰੋੜ ਦੇ ਨਿਵੇਸ਼ ਦੀ ਤਜਵੀਜ਼ ਰੱਖੀ ਗਈ।
ਕਾਰੋਬਾਰੀਆਂ ਦੀ ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ:ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰੋਬਾਰੀਆਂ ਨੇ ਦੱਸਿਆ ਕਿ ਅੱਜ ਅਟਲ ਉਦਯੋਗਿਕ ਵਿਕਾਸ ਪ੍ਰੀਸ਼ਦ ਦੇ ਵਫਦ ਦੀ ਯੂਪੀ ਦੇ ਮਾਣਯੋਗ ਮੁੱਖ ਮੰਤਰੀ ਯੋਗੀ ਜੀ ਨਾਲ ਮੁੱਖ ਮੰਤਰੀ ਨਿਵਾਸ ਵਿਖੇ ਬਹੁਤ ਹੀ ਸੁਹਿਰਦ ਮੀਟਿੰਗ ਹੋਈ ਅਤੇ ਕਈ ਵਿਸ਼ਿਆਂ 'ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮੀਟਿੰਗ ਬਹੁਤ ਹੀ ਸਫਲ ਰਹੀ ਅਤੇ ਮਾਣਯੋਗ ਮੁੱਖ ਮੰਤਰੀ ਜੀ ਨੇ ਸਾਡੇ ਸਾਰੇ ਨੁਕਤੇ ਬਹੁਤ ਗੰਭੀਰਤਾ ਨਾਲ ਲਏ ਅਤੇ ਉੱਤਰ ਪ੍ਰਦੇਸ਼ ਬਹੁਤ ਜਲਦੀ ਦੇਸ਼ ਦਾ ਸਭ ਤੋਂ ਵੱਡਾ ਉਦਯੋਗਿਕ ਰਾਜ ਬਣ ਜਾਵੇਗਾ।
ਯੂਪੀ 'ਚ ਨਿਵੇਸ਼ ਕਰਨਗੇ ਕਾਰੋਬਾਰੀ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੀਤੇ ਸਾਲ 19 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਅਟਲ ਉਦਯੋਗਿਕ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ 2 ਲੱਖ 35 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸ ਵਿੱਚੋਂ ਕੁਝ ਯੂਨਿਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀਆਂ ਦਾ ਵਿਕਾਸ ਚੱਲ ਰਿਹਾ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਪਿਛਲੀ ਮੀਟਿੰਗ ਵਿੱਚ ਮਾਣਯੋਗ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲੜਕੀਆਂ ਨੂੰ ਸਕੂਟੀ ਮੁਹੱਈਆ ਕਰਵਾਉਣ ਦਾ ਇਰਾਦਾ ਪ੍ਰਗਟ ਕੀਤਾ ਸੀ ਅਤੇ ਇਸ ਲਈ ਇੱਕ ਆਰਥਿਕ ਮਾਡਲ ਤਿਆਰ ਕਰਨ ਦੀ ਬੇਨਤੀ ਕੀਤੀ ਸੀ, ਉਕਤ ਸਕੂਟੀ ਵੀ ਅੱਜ ਮਾਣਯੋਗ ਮੁੱਖ ਮੰਤਰੀ ਯੋਗੀ ਨੂੰ ਭੇਂਟ ਕੀਤੀ ਗਈ ਹੈ।
ਨਿਵੇਸ਼ ਲਈ ਜ਼ਮੀਨ ਕੀਤੀ ਐਕੁਆਇਰ: ਇਸ ਦੇ ਨਾਲ ਹੀ ਗੱਲਬਾਤ ਦੌਰਾਨ ਸੂਬਾ ਪ੍ਰਧਾਨ ਸ਼੍ਰੀ ਰਾਮ ਉਗਰਾਹਾ ਸ਼ੁਕਲਾ ਨੇ ਦੱਸਿਆ ਕਿ ਅਸੀਂ ਅਕਬਰਪੁਰ, ਕਾਨਪੁਰ ਦੇਹਤ ਵਿੱਚ 450 ਏਕੜ ਜ਼ਮੀਨ ਵਿੱਚ ਉਦਯੋਗਿਕ ਪਾਰਕ ਦੇ ਵਿਕਾਸ ਲਈ ਜ਼ਮੀਨ ਪ੍ਰਾਪਤ ਕੀਤੀ ਹੈ ਅਤੇ ਇਸ ਤਰ੍ਹਾਂ ਭਵਿੱਖ ਵਿੱਚ ਅਕਬਰਪੁਰ ਗ੍ਰੇਟਰ ਨੋਇਡਾ ਦੇ ਬਰਾਬਰ ਹੋ ਜਾਵੇਗਾ। ਇਸ 'ਤੇ ਮਾਣਯੋਗ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਗ੍ਰੇਟਰ ਨੋਇਡਾ 33,000 ਏਕੜ 'ਤੇ ਬਣਿਆ ਹੈ, ਜਦਕਿ ਕਾਨਪੁਰ-ਝਾਂਸੀ ਹਾਈਵੇ 'ਤੇ 48,000 ਏਕੜ 'ਤੇ ਉਦਯੋਗਿਕ ਸ਼ਹਿਰ ਬਣਾਉਣ ਲਈ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਸ ਲਈ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡੀ ਜ਼ਮੀਨ ਸਰਕਾਰ ਦੁਆਰਾ ਪ੍ਰਸਤਾਵਿਤ ਜ਼ੋਨ ਦੇ ਅੰਦਰ ਨਾ ਆਵੇ।
ਵਿਕਸਤ ਦੇਸ਼ ਦਾ ਉਦਯੋਗਿਕ ਹੱਬ ਬਣੇਗਾ ਯੂਪੀ: ਇਸ ਤੋਂ ਬਾਅਦ ਸਾਡੇ ਸੂਬਾ ਪ੍ਰਧਾਨ ਨੇ ਮਾਰਚ 2024 ਵਿੱਚ ਮਾਣਯੋਗ ਮੁੱਖ ਮੰਤਰੀ ਯੋਗੀ ਦੀ ਮੁੱਖ ਮਹਿਮਾਨ ਨਿਵਾਜ਼ੀ ਤਹਿਤ ਇੱਕ ਸੈਮੀਨਾਰ ਕਰਵਾਉਣ ਦੀ ਇੱਛਾ ਪ੍ਰਗਟਾਈ ਤਾਂ ਇਸ 'ਤੇ ਮਾਣਯੋਗ ਮੁੱਖ ਮੰਤਰੀ ਨੇ ਕਿਹਾ ਕਿ ਠੀਕ ਹੈ ਤੇ ਤੁਸੀਂ ਕਿਰਪਾ ਕਰਕੇ ਆਪਣਾ ਅਰਜ਼ੀ ਫਾਰਮ ਜਮ੍ਹਾਂ ਕਰਵਾ ਦਿਓ। ਇਸ ਲਈ ਅਸੀਂ ਪੂਰਾ ਸਹਿਯੋਗ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਉੱਤਰ ਪ੍ਰਦੇਸ਼ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਾਣਯੋਗ ਮੁੱਖ ਮੰਤਰੀ ਯੋਗੀ ਵਰਗਾ ਮੁੱਖ ਮੰਤਰੀ ਮਿਲਣਾ ਖੁਸ਼ਕਿਸਮਤੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉੱਤਰ ਪ੍ਰਦੇਸ਼ ਜਲਦੀ ਹੀ ਵਿਕਸਤ ਦੇਸ਼ ਦਾ ਉਦਯੋਗਿਕ ਹੱਬ ਬਣ ਜਾਵੇਗਾ।
ਇਹ ਕਾਰੋਬਾਰੀ ਮੀਟਿੰਗ 'ਚ ਸ਼ਾਮਲ: ਅਟਲ ਪੂਰਵਾਂਚਲ ਉਦਯੋਗਿਕ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਟੀ.ਆਰ ਮਿਸ਼ਰਾ, ਸੂਬਾ ਪ੍ਰਧਾਨ ਰਾਮ ਉਗਰਾਹ ਸ਼ੁਕਲਾ, ਸੀ.ਐੱਮ.ਡੀ.ਏਵਨ ਸਾਈਕਲ ਓਮਕਾਰ ਸਿੰਘ ਪਾਹਵਾ, ਅਨੂਪ ਸ਼ੰਕਧਰ, ਰਾਜੇਸ਼ ਸਿੰਘ ਮਦਨ ਅਗਰਵਾਲ, ਡੀ.ਪੀ ਮਿਸ਼ਰਾ, ਰਵਿੰਦਰ ਤਿਵਾੜੀ, ਵਿਵੇਕ ਗੁਪਤਾ, ਪ੍ਰਧਾਨ ਟੇਕਸਟਾਇਲ ਸੀਤਾਪੁਰ ਵਿਜੇ ਚੌਹਾਨ ਆਦਿ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।