ਪੁੰਛ/ਜੰਮੂ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨਾਲ ਮੁਕਾਬਲੇ 'ਚ ਭਾਰਤੀ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਸ਼ੁੱਕਰਵਾਰ ਦੇਰ ਰਾਤ ਗੁਲਪੁਰ ਸੈਕਟਰ ਦੇ ਫਾਰਵਰਡ ਰੇਂਜਰ ਨਾਲਾ ਖੇਤਰ ਵਿੱਚ ਸ਼ੁਰੂ ਹੋਇਆ ਜਦੋਂ ਭਾਰਤੀ ਸੈਨਿਕਾਂ ਨੇ ਘੱਟ ਤੋਂ ਘੱਟ ਤਿੰਨ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੂੰ ਸੰਘਣੇ ਜੰਗਲਾਂ ਵਿੱਚ ਹਨੇਰੇ ਦੀ ਆੜ ਵਿੱਚ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ।
ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ:ਅਧਿਕਾਰੀਆਂ ਮੁਤਾਬਕ ਇਸ ਸੰਖੇਪ ਮੁਕਾਬਲੇ 'ਚ ਇੱਕ ਫੌਜੀ ਜ਼ਖਮੀ ਹੋ ਗਿਆ, ਜਦਕਿ ਤਿੰਨ ਅੱਤਵਾਦੀ ਨੇੜੇ ਦੇ ਸੰਘਣੇ ਜੰਗਲਾਂ 'ਚ ਭੱਜਣ 'ਚ ਕਾਮਯਾਬ ਹੋ ਗਏ। ਅਧਿਕਾਰੀਆਂ ਮੁਤਾਬਿਕ ਇਲਾਕੇ 'ਚ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ ਅਤੇ ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।