ਨਵੀਂ ਦਿੱਲੀ:ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਨੂੰ 85 ਸਾਲਾ ਔਰਤ ਨਾਲ ਜਬਰ ਜਨਾਹ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਸਬੰਧੀ ਫੌਰੀ ਤੌਰ ਉੱਤੇ ਨੋਟਿਸ ਲੈਂਦਿਆਂ ਡੀਸੀਡਬਲਿਊ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਤਹਿਤ ਮਾਲੀਵਾਲ ਨੇ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ ਕਿ-
"ਅੱਜ ਦਿੱਲੀ 'ਚ ਇਨਸਾਨੀਅਤ ਦਾ ਘਾਣ ਹੋ ਗਿਆ ਹੈ। ਦਿੱਲੀ 'ਚ ਸਵੇਰੇ 4 ਵਜੇ 85 ਸਾਲਾ ਅੰਮਾ ਦੇ ਘਰ ਵਿੱਚ ਵੜ੍ਹ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਉਸ ਨੂੰ ਮਿਲ ਕੇ ਜ਼ਖ਼ਮ ਦੇਖ ਕੇ ਰੂਹ ਕੰਬ ਗਈ। 8 ਮਹੀਨੇ ਦੀ ਬੱਚੀ ਹੋਵੇ ਜਾਂ 85 ਸਾਲ ਦੀ ਮਾਂ,ਸਭ ਬੇਰਹਿਮੀ ਦਾ ਸ਼ਿਕਾਰ ਹੁੰਦੇ ਹਨ। ਮੁਲਜ਼ਮ ਦੀ ਜਲਦ ਗ੍ਰਿਫਤਾਰੀ ਕੀਤੀ ਜਾਵੇ।"
ਪਤੀ ਦੀ ਮੌਤ ਤੋਂ ਬਾਅਦ ਰਹਿੰਦੀ ਸੀ ਇੱਕਲੀ : ਡੀਸੀਡਬਲਿਊ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਪਤੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਇਕੱਲੀ ਰਹਿੰਦੀ ਹੈ। ਉਸ ਨੇ ਇਲਜ਼ਾਮ ਲਾਇਆ ਕਿ 1 ਸਤੰਬਰ ਨੂੰ ਸਵੇਰੇ 4 ਵਜੇ ਦੇ ਕਰੀਬ ਇਕ ਵਿਅਕਤੀ ਜ਼ਬਰਦਸਤੀ ਉਸ ਦੇ ਕੋਲ ਆਇਆ ਅਤੇ ਉਸ ਨੇ ਇਸ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਉਕਤ ਪੀੜਿਤ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।
ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ: ਇੰਨਾ ਹੀ ਨਹੀਂ ਮੁਲਜ਼ਮ ਨੇ ਉਸ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ। ਬਜ਼ੁਰਗ ਔਰਤ ਦੇ ਗੁਪਤ ਅੰਗ ਅਤੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਇੰਨੀ ਸ਼ਰਮਨਾਕ ਕਰੂਰਤ ਭਰੇ ਮਾਮਲੇ ਸਬੰਧੀ ਕਮਿਸ਼ਨ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ 5 ਸਤੰਬਰ ਤੱਕ ਮਾਮਲੇ ਦੀ ਸਾਰੀ ਜਾਣਕਾਰੀ ਕਮਿਸ਼ਨ ਨੂੰ ਦੇਣ ਲਈ ਕਿਹਾ ਹੈ। ਇਸ ਵਿੱਚ ਕਮਿਸ਼ਨ ਨੇ ਪੁਲਿਸ ਤੋਂ ਹੇਠ ਲਿਖੀ ਜਾਣਕਾਰੀ ਮੰਗੀ ਹੈ-
- ਮਾਮਲੇ ਵਿੱਚ ਦਰਜ ਐਫਆਈਆਰ ਦੀ ਕਾਪੀ।
- ਗ੍ਰਿਫਤਾਰ ਕੀਤੇ ਜਾਣ ਵਾਲੇ ਮੁਲਜ਼ਮਾਂ ਦੀਆਂ ਖਾਸ ਗੱਲਾਂ।
- ਦਿੱਲੀ ਪੁਲਿਸ ਨੇ ਮਹਿਲਾ ਨੂੰ ਸੁਰੱਖਿਆ ਦੇਣ ਲਈ ਚੁੱਕੇ ਕਦਮ
- ਕੀ ਪੁਲਿਸ ਵੱਲੋਂ ਅਧਿਕਾਰ ਖੇਤਰ ਵਿੱਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀ ਸੂਚੀ ਤਿਆਰ ਕੀਤੀ ਗਈ ਹੈ?
- ਬਜ਼ੁਰਗਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਗਏ ਹਨ?
- ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੀ ਵਿਸਥਾਰਤ ਰਿਪੋਰਟ।