ਮਨੀਲਾ:ਫਿਲੀਪੀਨਜ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸਥਾਨਕ ਆਫਤ ਰਾਹਤ ਦਫਤਰ ਨੇ ਦੱਸਿਆ ਕਿ ਦਾਵਾਓ ਡੇਲ ਨੌਰਤੇ ਸੂਬੇ ਦੇ ਤਾਗੁਮ ਸ਼ਹਿਰ 'ਚ ਘਰ ਦੀ ਕੰਧ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਅਤੇ ਬੱਚਾ ਜ਼ਖਮੀ ਹੋ ਗਏ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ ਅਜੇ ਵੀ ਭੂਚਾਲ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਹੀ ਹੈ।
500 ਤੋਂ ਵੱਧ ਭੂਚਾਲ ਰਿਕਾਰਡ ਕੀਤੇ ਗਏ :ਐਤਵਾਰ ਨੂੰ ਇੱਕ ਅਪਡੇਟ ਕੀਤੀ ਰਿਪੋਰਟ ਵਿੱਚ, ਫਿਲੀਪੀਨ ਇੰਸਟੀਚਿਊਟ ਆਫ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਨੇ ਭੂਚਾਲ ਦੀ ਤੀਬਰਤਾ 6.9 ਤੋਂ ਵਧਾ ਕੇ 7.4 ਕਰ ਦਿੱਤੀ ਹੈ। ਇੰਸਟੀਚਿਊਟ ਨੇ ਦੱਸਿਆ ਕਿ ਸ਼ਨੀਵਾਰ ਰਾਤ 10.37 'ਤੇ ਆਇਆ ਭੂਚਾਲ 25 ਕਿਲੋਮੀਟਰ ਦੀ ਡੂੰਘਾਈ 'ਤੇ ਹਿੰਦੁਆਨ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਉੱਤਰ-ਪੂਰਬ 'ਚ ਆਇਆ। ਸੰਸਥਾ ਨੇ ਕਿਹਾ ਕਿ ਮਿੰਡਾਨਾਓ ਟਾਪੂ ਅਤੇ ਮੱਧ ਫਿਲੀਪੀਨਜ਼ ਦੇ ਕੁਝ ਹਿੱਸਿਆਂ ਵਿੱਚ ਮਹਿਸੂਸ ਕੀਤੇ ਟੈਕਟੋਨਿਕ ਭੂਚਾਲ ਨਾਲ ਨੁਕਸਾਨ ਹੋਵੇਗਾ। ਇੰਸਟੀਚਿਊਟ ਨੇ ਐਤਵਾਰ ਸਵੇਰ ਤੱਕ 500 ਤੋਂ ਵੱਧ ਝਟਕੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਤੀਬਰਤਾ 5 ਅਤੇ 6 ਤੋਂ ਵੱਧ ਸੀ।