ਨਵੀਂ ਦਿੱਲੀ:ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿਚ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਬਰਫ਼ ਖਿਸਕਣ ਕਾਰਨ 7 ਭਾਰਤੀ ਫ਼ੌਜੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫੌਜ ਦੇ ਸੂਤਰਾਂ ਮੁਤਾਬਿਕ 7 ਭਾਰਤੀ ਫੌਜ ਦੇ ਜਵਾਨ ਗਸ਼ਤ ਦਾ ਹਿੱਸਾ ਸਨ ਕਿ ਅਚਾਨਕ 14,500 ਫੁੱਟ ਦੀ ਉਚਾਈ ਵਾਲੇ ਖੇਤਰ ਵਿੱਚ ਬਰਫ ਦਾ ਤੋਦਾ ਡਿੱਗ ਗਿਆ।
ਜਿਸ ਤੋਂ ਬਾਅਦ ਭਾਰਤੀ ਫੌਜ ਦੇ 7 ਜਵਾਨਾਂ ਦੀ ਭਾਲ ਲਈ ਬਚਾਅ ਟੀਮਾਂ ਲੱਗੀਆਂ ਹੋਈਆਂ ਹਨ। ਫੌਜ ਨੇ ਕਿਹਾ ਕਿ "ਕਮੇਂਗ ਸੈਕਟਰ ਦੇ ਉੱਚਾਈ ਵਾਲੇ ਖੇਤਰ ਵਿੱਚ ਗਸ਼ਤ ਤੇ ਗਏ ਫੌਜੀਆਂ ਦੇ ਇੱਕ ਹਿੱਸੇ 'ਤੇ ਬਰਫ਼ ਦੇ ਤੋਦੇ ਨਾਲ ਮਾਰੇ ਜਾਣ ਦੀ ਰਿਪੋਰਟ ਹੈ। ਇਸ ਸਮੇਂ ਖੋਜ ਅਤੇ ਬਚਾਅ ਕਾਰਜ ਚੱਲ ਰਹੇ ਹਨ। ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਵਿਸ਼ੇਸ਼ ਟੀਮਾਂ ਨੂੰ ਏਅਰਲਿਫਟ ਕੀਤਾ ਗਿਆ ਹੈ।
ਇਸ ਤੋਂ ਬਾਅਦ ਭਾਰਤੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਦੇ ਨਾਲ ਖੇਤਰ ਵਿੱਚ ਖਰਾਬ ਮੌਸਮ ਦੇਖਿਆ ਜਾ ਰਿਹਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਉੱਤਰਾਖੰਡ ਦੇ ਮਾਊਂਟ ਤ੍ਰਿਸ਼ੂਲ ਉੱਤੇ ਜਲ ਸੈਨਾ ਦੇ 5 ਜਵਾਨ ਬਰਫ਼ ਖਿਸਕਣ ਕਰਕੇ ਫਸ ਗਏ ਸਨ, ਜਿੱਥੇ ਉਨ੍ਹਾਂ ਨੂੰ ਇੱਕ ਮੁਹਿੰਮ 'ਤੇ ਭੇਜਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਹੀ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਫਰਵਰੀ 2020 ਵਿੱਚ ਵੀ ਸਿਆਚਿਨ ਗਲੇਸ਼ੀਅਰ ਵਿੱਚ ਬਰਫ਼ਬਾਰੀ ਅਤੇ ਬਰਫ਼ ਖਿਸਕਣ ਕਾਰਨ 6 ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 11 ਹੋਰ ਵੀ ਅਜਿਹੀਆਂ ਘਟਨਾਵਾਂ ਵਿੱਚ ਮਾਰੇ ਗਏ ਸਨ।
ਸੂਤਰਾਂ ਨੇ ਦੱਸਿਆ ਕਿ ਉੱਚਾਈ ਵਾਲੇ ਇਲਾਕਿਆਂ 'ਚ ਹਰ ਸਾਲ ਬਰਫ਼ਬਾਰੀ ਹੁੰਦੀ ਹੈ ਪਰ ਦਾਰੀਆ ਹਿੱਲ 'ਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਬਰਫਬਾਰੀ ਹੋਈ ਕਿਉਂਕਿ ਆਖਰੀ ਬਰਫਬਾਰੀ 1988 'ਚ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ:ਪੰਜਾਬ 'ਚ 2 ਦਿਨ ਧੁੰਦ ਤੇ ਪਵੇਗਾ ਮੀਂਹ