ਹੈਦਰਾਬਾਦ:ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੇ ਉੱਚਾਈ ਵਾਲੇ ਹਿੱਸੇ ਵਿੱਚ ਬਰਫ਼ ਦੇ ਤੋਦੇ ਵਿੱਚ ਦੱਬੇ ਭਾਰਤੀ ਸੈਨਾ ਦੇ 7 ਜਵਾਨ ਸ਼ਹੀਦ ਹੋ ਗਏ ਹਨ।
ਜਿਸ ਬਾਰੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ 7 ਸ਼ਹੀਦ ਸੈਨਿਕਾਂ ਦੀਆਂ ਲਾਸ਼ਾਂ ਨੂੰ ਬਰਫਬਾਰੀ ਵਾਲੀ ਥਾਂ ਤੋਂ ਬਾਹਰ ਕੱਢ ਲਿਆ ਗਿਆ ਹੈ। ਦੱਸ ਦਈਏ ਕਿ ਫੌਜ ਦੇ ਜਵਾਨ ਗਸ਼ਤੀ ਦਲ 'ਚ ਸ਼ਾਮਲ ਸਨ, ਉਹ ਐਤਵਾਰ ਨੂੰ ਬਰਫ ਦੇ ਤੋਦੇ 'ਚ ਫਸ ਗਏ ਸਨ। ਸੂਤਰਾਂ ਮੁਤਾਬਿਕ ਸ਼ਹੀਦ ਹੋਏ 7 ਜਵਾਨ 19-ਜੰਮੂ-ਕਸ਼ਮੀਰ ਰਾਈਫਲਜ਼ ਦੇ ਸਨ।
ਰਾਹੁਲ ਗਾਂਧੀ ਨੇ ਜਵਾਨਾਂ ਦੀ ਸ਼ਹਾਦਤ 'ਤੇ ਪ੍ਰਗਟ ਕੀਤਾ ਦੁੱਖ
ਇਸ ਦੁਖਦਾਈ ਘਟਨਾ ਵਾਪਰਨ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਵਾਨਾਂ ਦੀ ਸ਼ਹਾਦਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਦੁੱਖ ਹੋਇਆ ਕਿ ਅਰੁਣਾਚਲ ਪ੍ਰਦੇਸ਼ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ 7 ਜਵਾਨ ਸ਼ਹੀਦ ਹੋ ਗਏ ਹਨ। ਜਵਾਨਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਗਟ ਕੀਤਾ ਦੁੱਖ
ਇਸ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਰੁਣਾਚਲ ਪ੍ਰਦੇਸ਼ 'ਚ ਬਰਫੀਲੇ ਤੂਫਾਨ 'ਚ ਡਿਊਟੀ ਦੌਰਾਨ ਸਾਡੇ 7 ਬਹਾਦਰ ਜਵਾਨ ਸ਼ਹੀਦ ਹੋ ਗਏ ਜਿਸ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਸਾਡੇ ਜਵਾਨ ਸਾਡੀ ਸੁਰੱਖਿਆ ਲਈ ਨਿਰਸਵਾਰਥ ਯਤਨ ਕਰ ਰਹੇ ਹਨ। ਸੈਨਿਕਾਂ ਨੂੰ ਮੇਰਾ ਸਲਾਮ, ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।
ਅਧਿਕਾਰਤ ਸੂਤਰਾਂ ਮੁਤਾਬਿਕ ਭਾਰਤੀ ਫੌਜ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਬਰਫ ਦੇ ਤੋਦੇ 'ਚ ਫਸੇ ਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
ਦੱਸ ਦਈਏ ਕਿ ਐਤਵਾਰ ਨੂੰ ਤਵਾਂਗ ਸੈਕਟਰ ਦੇ ਯਾਂਗਤਸੇ ਨੇੜੇ ਚੁਮੇ ਗਯਾਤਰ ਇਲਾਕੇ 'ਚ ਫੌਜ ਦੇ ਜਵਾਨ ਗਸ਼ਤ ਕਰ ਰਹੇ ਸਨ, ਕਿ ਉਸ ਸਮੇਂ ਅਚਾਨਕ ਬਰਫ਼ ਦੇ ਤੋਦੇ ਡਿੱਗਣੇ ਸ਼ੁਰੂ ਹੋ ਗਏ। ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਵਿਸ਼ੇਸ਼ ਟੀਮਾਂ ਨੂੰ ਏਅਰਲਿਫਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ:ਅਰੁਣਾਂਚਲ ਪ੍ਰਦੇਸ਼ 'ਚ ਬਰਫ਼ ਖਿਸਕਣ ਕਾਰਨ ਫੌਜ ਦੇ 7 ਜਵਾਨ ਲਾਪਤਾ