ਕਾਸਗੰਜ ਜ਼ਿਲ੍ਹੇ ਦੀ ਸਹਾਵਰ ਤਹਿਸੀਲ ਦੇ ਖੇੜਾ ਪਿੰਡ ਦੀ ਰਹਿਣ ਵਾਲੀ ਬਜ਼ੁਰਗ ਔਰਤ ਸ਼ੀਲਾ ਦੇਵੀ ਮਹਿਲਾ ਸਸ਼ਕਤੀਕਰਨ ਦਾ ਜਿਊਂਦਾ ਜਾਗਦਾ ਸਬੂਤ ਹੈ। ਵਿਆਹ ਦੇ ਇੱਕ ਸਾਲ ਬਾਅਦ ਹੀ ਪਤੀ ਦੀ ਮੌਤ ਹੋ ਗਈ। ਪਰ ਉਨ੍ਹਾਂ ਨੇ ਆਪਣੇ ਆਪ ਨੂੰ ਕਿਸੇ ਉੱਤੇ ਬੋਝ ਨਹੀਂ ਬਣਨ ਦਿੱਤਾ। ਉਹ 22 ਸਾਲਾਂ ਤੋਂ ਪਿੰਡ-ਪਿੰਡ ਜਾ ਕੇ ਦੁੱਧ ਵੇਚ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੀ ਹੈ। ਅੱਜ ਉਹ 62 ਸਾਲਾਂ ਦੀ ਹੈ, ਪਰ ਇਸ ਉਮਰ ਵਿੱਚ ਵੀ ਉਹ ਆਤਮ ਨਿਰਭਰ ਹੈ। ਉਨ੍ਹਾਂ ਨੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ। ਪਿੰਡ ਦੇ ਲੋਕ ਪਿਆਰ ਨਾਲ ਉਨ੍ਹਾਂ ਨੂੰ ਸ਼ੀਲਾ ਭੂਆ ਕਹਿੰਦੇ ਹਨ।
62 ਸਾਲਾਂ ਸ਼ੀਲਾ ਭੂਆ ਦੇ ਬੁਲੰਦ ਹੌਂਸਲੇ, ਪਿੰਡ-ਪਿੰਡ ਸਾਈਕਲ ਚਲਾ ਵੇਚਦੀ ਦੁੱਧ ਸ਼ੀਲਾ ਦੇਵੀ ਦਾ ਵਿਆਹ 1980 ਵਿੱਚ ਹੋਇਆ ਸੀ। ਵਿਆਹ ਦੇ ਇੱਕ ਸਾਲ ਬਾਅਦ ਪਤੀ ਦੀ ਮੌਤ ਹੋ ਗਈ। ਇੰਨੀ ਛੋਟੀ ਉਮਰੇ ਹੀ ਉਨ੍ਹਾਂ ਉੱਤੇ ਮੁਸ਼ਕਲਾਂ ਦਾ ਪਹਾੜ ਟੁੱਟ ਗਿਆ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਸ਼ੀਲਾ ਦੇਵੀ ਆਪਣੇ ਪਿਤਾ ਦੇ ਘਰ ਪਿੰਡ ਖੇੜਾ ਆ ਕੇ ਰਹਿਣ ਲੱਗ ਗਈ। ਉਹ ਕਿਸੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਜਿਸ ਤੋਂ ਬਾਅਦ, ਉਨ੍ਹਾਂ ਨੇ ਹਿੰਮਤ ਦਿਖਾਈ ਅਤੇ ਆਪਣੇ ਪਿਤਾ ਦੀ 4 ਵਿੱਘੇ ਜ਼ਮੀਨ ਵਿੱਚ ਖੇਤੀਬਾੜੀ ਕਰਨ 'ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ।
ਸ਼ੀਲਾ ਦੇਵੀ ਦੀ ਜ਼ਿੰਦਗੀ ਦੀ ਟ੍ਰੇਨ ਟਰੈਕ 'ਤੇ ਆ ਗਈ ਸੀ ਕਿ ਇੱਕ ਸਾਲ ਦੇ ਅੰਦਰ ਉਸ ਦੇ ਪਿਤਾ ਅਤੇ ਮਾਂ ਦੀ ਮੌਤ ਹੋ ਗਈ। ਪਰ ਸ਼ੀਲਾ ਦੇਵੀ ਦੇ ਸਖ਼ਤ ਇਰਾਦਿਆਂ ਨੇ ਹਿੰਮਤ ਨਹੀਂ ਹਾਰੀ। ਰੋਜ਼ੀ-ਰੋਟੀ ਕਮਾਉਣ ਲਈ ਉਨ੍ਹਾਂ ਨੇ ਇੱਕ-ਦੋ ਮੱਝਾਂ ਖਰੀਦੀਆਂ ਅਤੇ ਫਿਰ ਦੁੱਧ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਨੇੜਲੇ ਕਸਬਿਆਂ ਵਿੱਚ ਸਾਈਕਲ 'ਤੇ ਦੁੱਧ ਵੇਚਣਾ ਸ਼ੁਰੂ ਕੀਤਾ।
ਉਨ੍ਹਾਂ ਦੇ ਰੋਜ਼ ਦੇ ਕੰਮਾਂ ਦੀ ਗੱਲ ਕਰੀਏ ਤਾਂ ਉਹ ਸਰਦੀਆਂ ਹੋਣ ਜਾਂ ਗਰਮੀਆਂ ਉਹ ਸਵੇਰੇ 4 ਵਜੇ ਉੱਠਦੇ ਹਨ। ਸਾਈਕਲ 'ਤੇ ਦੁੱਧ ਦੇ ਵੱਡੇ ਕੈਨਾਂ ਨੂੰ ਲੱਦ ਕੇ 5 ਕਿਲੋਮੀਟਰ ਦੂਰ ਅਮਾਮਪੁਰ ਕਸਬੇ 'ਚ ਜਾ ਕੇ ਗਾਹਕਾਂ ਨੂੰ ਦੁੱਧ ਵੇਚਦੀ ਹੈ। ਫਿਰ ਦੁਪਹਿਰ ਢਾਈ ਵਜੇ ਵਾਪਿਸ ਘਰ ਆ ਕੇ ਆਪਣੇ ਲਈ ਖਾਣਾ ਬਣਾਉਂਦੀ ਹੈ। ਉਸ ਤੋਂ ਬਾਅਦ 4 ਵਜੇ ਮੁੜ ਸਾਈਕਲ 'ਤੇ ਪਿੰਡ 'ਚ ਜਾ ਕੇ ਦੁੱਧ ਖਰੀਦ ਤੇ ਦੁੱਧ ਖਰੀਦ ਕੇ ਸ਼ਾਮ ਨੂੰ 7 ਵਜੇ ਵਾਪਿਸ ਆਉਂਦੀ ਹੈ। ਮੁੜ ਪਸ਼ੂਆਂ ਨੂੰ ਚਾਰਾ ਪਾਉਂਣ ਤੋਂ ਲੈ ਕੇ ਦੁੱਧ ਕੱਢਣ ਤੱਕ ਦਾ ਸਾਰਾ ਕੰਮ ਸ਼ੀਲਾ ਦੇਵੀ ਖੁਦ ਕਰਦੀ ਹੈ।
ਪਤੀ ਅਤੇ ਮਾਪਿਆਂ ਦੀ ਮੌਤ ਤੋਂ ਬਾਅਦ, ਸ਼ੀਲਾ ਭੂਆ ਨੇ ਕਿਸੇ ਅੱਗੇ ਹੱਥ ਨਹੀਂ ਫੈਲਾਏ। ਸਖ਼ਤ ਮਿਹਨਤ ਕਰਕੇ, ਉਹ ਆਤਮ ਨਿਰਭਰ ਬਣੀ ਅਤੇ ਆਪਣੇ ਮਜ਼ਬੂਤ ਇਰਾਦਿਆਂ ਨਾਲ ਉਹ ਕਰ ਦਿਖਾਇਆ, ਜਿਸ ਨੂੰ ਦੇਖ ਕੇ ਲੋਕ ਦੰਦਾਂ ਹੇਠ ਉਗਲਿਆਂ ਦਬ ਲੈਂਦੇ ਹਨ। ਉਹ ਆਪਣੇ ਕੰਮ 'ਚ ਮਾਣ ਮਹਿਸੂਸ ਕਰਦੀ ਹੈ। ਜ਼ਮਾਨਾ ਅੱਜ ਸ਼ੀਲਾ ਭੂਆ ਦੀ ਮਿਸਾਲ ਦਿੰਦਾ ਹੈ। ਇਹ ਹੀ ਕਾਰਨ ਹੈ ਕਿ ਉਹ ਮਹਿਲਾਵਾਂ ਲਈ ਹੀ ਨਹੀਂ ਸਮਾਜ ਲਈ ਵੀ ਪ੍ਰੇਰਣਾ ਸਰੋਤ ਸਾਬਿਤ ਹੋਈ ਹੈ। ਸ਼ੀਲਾ ਭੂਆ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਜ਼ਿਲ੍ਹਾ ਮੈਜਿਸਟਰੇਟ ਤੋਂ ਸਰਕਾਰੀ ਸਕੀਮਾਂ ਦਾ ਲਾਭ ਦਿੱਤੇ ਜਾਣ ਦੀ ਮੰਗ ਕੀਤੀ ਹੈ।