ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਵਿੱਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਉੱਤਰ ਪੂਰਬੀ ਦਿੱਲੀ ਜ਼ਿਲ੍ਹਾ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸ਼ਾਸਤਰੀ ਪਾਰਕ ਪੁਲਿਸ ਸਟੇਸ਼ਨ ਵਿੱਚ ਇੱਕ ਪੀਸੀਆਰ ਕਾਲ ਆਈ, ਕਾਲ ਕਰਨ ਵਾਲੇ ਨੇ ਦੱਸਿਆ ਕਿ ਮਜ਼ਾਰ ਵਾਲਾ ਰੋਡ ਮਾਛੀ ਮਾਰਕੀਟ, ਸ਼ਾਸਤਰੀ ਪਾਰਕ ਸਥਿਤ ਇੱਕ ਘਰ ਵਿੱਚ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਪੁਲਸ ਵੱਲੋਂ ਜ਼ਖਮੀਆਂ ਨੂੰ ਜਗਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੂੰ ਹਸਪਤਾਲ ਤੋਂ ਪਤਾ ਲੱਗਾ ਕਿ 9 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ। ਜਦ ਕਿ 2 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ 4 ਬਾਲਗ ਪੁਰਸ਼, 1 ਬਾਲਗ ਔਰਤ, ਡੇਢ ਸਾਲ ਦਾ ਬੱਚਾ ਸ਼ਾਮਲ ਹੈ।
ਦਮ ਘੁੱਟਣ ਕਾਰਨ ਹੋਈ ਮੌਤ:ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਤ ਦੇ ਸਮੇਂ ਚਟਾਈ ਦੇ ਉੱਪਰ ਇੱਕ ਬਲਦੀ ਹੋਈ ਮੱਛਰ ਦੀ ਕੋਇਲ ਡਿੱਗ ਗਈ ਸੀ। ਕੋਇਲ ਡਿੱਗਣ ਕਾਰਨ ਮੌਕੇ 'ਤੇ ਹੀ ਅੱਗ ਲੱਗ ਗਈ। ਅੱਗ ਬੁਝਾਉਣ ਦੌਰਾਨ ਇਸ ਵਿੱਚੋਂ ਨਿਕਲੇ ਜ਼ਹਿਰੀਲੇ ਧੂੰਏਂ ਕਾਰਨ ਘਰ ਵਿੱਚ ਮੌਜੂਦ ਲੋਕ ਬੇਹੋਸ਼ ਹੋ ਗਏ ਅਤੇ ਦਮ ਘੁੱਟਣ ਨਾਲ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।