ਚੰਡੀਗੜ੍ਹ:ਜਨਵਰੀ 2022 ਵਿੱਚ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਦੀ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ। ਇਸ ਹੀ ਤਹਿਤ ਮਾਮਲੇ ਵਿੱਚ ਛੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਐਸ.ਪੀ ਪੱਧਰ ਦੇ ਅਧਿਕਾਰੀ ਸਮੇਤ ਇਨ੍ਹਾਂ ਛੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਰਾਜ ਦੇ ਗ੍ਰਹਿ ਵਿਭਾਗ ਦੇ 22 ਨਵੰਬਰ ਦੇ ਹੁਕਮਾਂ ਅਨੁਸਾਰ, ਦੋ ਡਿਪਟੀ ਸੁਪਰਡੈਂਟ ਆਫ਼ ਪੁਲਿਸ ਪੱਧਰ ਦੇ ਅਧਿਕਾਰੀਆਂ- ਪਰਸੋਨ ਸਿੰਘ ਅਤੇ ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ, ਸਬ-ਇੰਸਪੈਕਟਰ ਜਸਵੰਤ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇੱਕ ਅਧਿਕਾਰੀ ਨੂੰ ਵੀ ਕੀਤਾ ਗਿਆ ਮੁਅੱਤਲ: ਇਸ ਵੇਲੇ ਬਠਿੰਡਾ ਜ਼ਿਲ੍ਹੇ ਵਿੱਚ ਤਾਇਨਾਤ ਐਸਪੀ ਗੁਰਬਿੰਦਰ ਸਿੰਘ ਨੂੰ ਸ਼ਨੀਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਹੁਕਮਾਂ ਅਨੁਸਾਰ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਨਿਯਮ, 1970 ਦੀ ਧਾਰਾ 8 ਤਹਿਤ ਚਾਰਜਸ਼ੀਟ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਦੇ ਨਾਮ ਦਰਜ ਕੀਤੇ ਗਏ ਹਨ।
ਫਲਾਈਓਵਰ 'ਤੇ ਫਸ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ : 5 ਜਨਵਰੀ 2022 ਨੂੰ ਫਿਰੋਜ਼ਪੁਰ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਜਾਮ ਕਾਰਨ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਫਲਾਈਓਵਰ 'ਤੇ ਫਸ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਹੋਏ ਬਿਨਾਂ ਹੀ ਪੰਜਾਬ ਤੋਂ ਪਰਤਣਾ ਪਿਆ ਸੀ ਅਤੇ ਆਪਣੀ ਰੈਲੀ ਰੱਦ ਕਰਨੀ ਪਈ ਸੀ। ਇਸ ਸੁਰੱਖਿਆ ਕੁਤਾਹੀ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ 12 ਜਨਵਰੀ ਨੂੰ ਇੱਕ ਕਮੇਟੀ ਨਿਯੁਕਤ ਕੀਤੀ ਗਈ ਸੀ, ਜਿਸ ਨੇ ਇਸ ਲਈ ਕਈ ਰਾਜ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਪ੍ਰਧਾਨ ਮੰਤਰੀ ਨੇ ਤੰਜ ਭਰੇ ਲਹਿਜੇ 'ਚ ਕੀਤਾ ਸੀ ਧੰਨਵਾਦ: ਤੁਹਾਨੂੰ ਦੱਸ ਦੇਈਏ ਕਿ ਜਾਮ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਕਰੀਬ 20 ਮਿੰਟ ਤੱਕ ਫਲਾਈਓਵਰ ’ਤੇ ਹੀ ਫਸਿਆ ਰਿਹਾ। ਜਿੱਥੇ ਭਾਜਪਾ ਆਗੂਆਂ ਨੇ ਇਸ ਕੁਤਾਹੀ ਨੂੰ ਲੈ ਕੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ ਸੀ, ਉਥੇ ਹੀ ਕਾਂਗਰਸ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਯੋਜਨਾ ਨੂੰ ਆਖਰੀ ਸਮੇਂ 'ਤੇ ਬਦਲ ਦਿੱਤਾ ਗਿਆ ਸੀ। ਇਸ ਦੌਰਾਨ ਪੀਐਮ ਮੋਦੀ ਨੇ ਵਾਪਿਸ ਪਰਤ ਕੇ ਤਤਕਾਲੀ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਜਿਉਂਦਾ ਪਰਤ ਆਇਆ ਹਾਂ,ਸਿ ਲਈ ਧੰਨਵਾਦ, ਇਸ ਬਿਆਨ ਤੋਂ ਬਾਅਦ ਵੀ ਸਿਆਸਤ ਕਾਫੀ ਗਰਮਾਈ ਸੀ।
ਕਈ ਹੋਰ ਅਫਸਰਾਂ ਉੱਤੇ ਵੀ ਡਿੱਗ ਸਕਦੀ ਹੈ ਗਾਜ : ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਹੋਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਦੀ ਅਗਵਾਈ ਸੇਵਾਮੁਕਤ ਜੱਜ ਇੰਦੂ ਮਲਹੋਤਰਾ ਕਰ ਰਹੀ ਹੈ। ਉਨ੍ਹਾਂ ਤੋਂ ਇਲਾਵਾ ਕਮੇਟੀ ਵਿੱਚ ਐਨਆਈਏ ਦੇ ਸਾਬਕਾ ਮੁਖੀ ਕੁਲਦੀਪ ਸਿੰਘ, ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਅਤੇ ਪੰਜਾਬ ਦੇ ਵਿਸ਼ੇਸ਼ ਡੀਜੀਪੀ ਸ਼ਰਦ ਸੱਤਿਆ ਚੌਹਾਨ ਸ਼ਾਮਲ ਸਨ। ਕਮੇਟੀ ਨੇ ਪਹਿਲਾਂ ਹੀ ਤਿੰਨ ਅਧਿਕਾਰੀਆਂ ਖਾਸ ਤੌਰ 'ਤੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ, ਫ਼ਿਰੋਜ਼ਪੁਰ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਫ਼ਿਰੋਜ਼ਪੁਰ ਦੇ ਐਸਐਸਪੀ ਹਰਮਨ ਹੰਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਵਿਚ ਤਤਕਾਲੀ ਗ੍ਰਹਿ ਸਕੱਤਰ ਅਨਿਰੁਧ ਤਿਵਾਰੀ ਅਤੇ ਹੋਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ।