ਅਮੇਠੀ: ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਟਰੱਕ ਅਤੇ ਬੋਲੈਰੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਬੋਲੋਰੋ 'ਤੇ ਸਵਾਰ ਸਾਰੇ ਲੋਕ ਬਾਰਾਤ 'ਚ ਜਾ ਰਹੇ ਸੀ। ਸੂਚਨਾ ਮਿਲਦੇ ਹੀ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ 'ਚ ਮੌਕੇ 'ਤੇ ਪਹੁੰਚ ਗਏ। ਰਾਹਤ ਅਤੇ ਬਚਾਅ ਕਾਰਜ ਕਰਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਚਾਰ ਲੋਕ ਜ਼ਖਮੀ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੌਰੀਗੰਜ ਇਲਾਕੇ 'ਚ ਸੜਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਵਾਉਣ ਅਤੇ ਹਾਦਸੇ ਦੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਰਾਹਤ ਅਤੇ ਮਦਦ ਪ੍ਰਦਾਨ ਕਰਨ।
ਦੱਸ ਦਈਏ ਕਿ ਇਹ ਘਟਨਾ ਗੌਰੀਗੰਜ ਕੋਤਵਾਲੀ ਇਲਾਕੇ ਦੇ ਬਾਬੂਗੰਜ ਸਾਗਰਾ ਨੇੜੇ ਵਾਪਰੀ। ਐਤਵਾਰ ਦੇਰ ਰਾਤ ਟਰੱਕ ਅਤੇ ਬੋਲੈਰੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਬੋਲੈਰੋ ਪਲਟ ਗਈ। ਉਸ ’ਚ ਸਵਾਰ 10 ਲੋਕਾਂ 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਜ਼ਿਲਾ ਹਸਪਤਾਲ 'ਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਚਾਰ ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਮੁਕੇਸ਼, ਅਨੁਜ, ਅਨਿਲ ਅਤੇ ਲਵਕੁਸ਼ ਸ਼ਾਮਲ ਹਨ।