ਠਾਣੇ :ਮਹਾਰਾਸ਼ਟਰ 'ਚ ਸ਼ਨੀਵਾਰ ਨੂੰ ਠਾਣੇ ਜ਼ਿਲੇ ਦੇ ਭਿਵੰਡੀ ਦੇ ਵਾਲਪਾਡਾ 'ਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ 10 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਭਿਵੰਡੀ ਦੇ ਇੰਦਰਾ ਗਾਂਧੀ ਉਪਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਮਾਰਤ ਦੇ ਮਲਬੇ ਹੇਠ ਅਜੇ ਵੀ 15 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਏਜੰਸੀਆਂ ਦੇ ਕਰਮਚਾਰੀ ਬਚਾਅ ਕਾਰਜ 'ਚ ਲੱਗੇ :ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੀ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ 'ਤੇ ਕੰਪਨੀ ਦਾ ਗੋਦਾਮ ਸੀ, ਜਦਕਿ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਰਿਹਾਇਸ਼ੀ ਕਮਰੇ ਬਣਾਏ ਗਏ ਸਨ। ਇਸ ਵਿੱਚ ਨਾਗਰਿਕ ਕਿਰਾਏ ’ਤੇ ਰਹਿੰਦੇ ਸਨ। ਇਸ ਸਬੰਧੀ ਠਾਣੇ ਨਗਰ ਨਿਗਮ (ਟੀਐਮਸੀ) ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਅਵਿਨਾਸ਼ ਸਾਵੰਤ ਨੇ ਦੱਸਿਆ ਕਿ ਵਰਧਮਾਨ ਕੰਪਾਊਂਡ ਵਿੱਚ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਇਮਾਰਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀਆਂ ਦੋ ਟੀਮਾਂ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਇਕ ਟੀਮ ਅਤੇ ਫਾਇਰ ਬ੍ਰਿਗੇਡ ਸਮੇਤ ਵੱਖ-ਵੱਖ ਏਜੰਸੀਆਂ ਦੇ ਕਰਮਚਾਰੀ ਬਚਾਅ ਕਾਰਜ 'ਚ ਲੱਗੇ ਹੋਏ ਹਨ।