ਹੈਦਰਾਬਾਦ: ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਦੀ ਅੱਜ ਤੀਜੀ ਬਰਸੀ ਹੈ। ਇਸ ਦਿਨ ਨੂੰ ਯਾਦ ਕਰਦਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ।
40 ਬਹਾਦਰ ਜਵਾਨਾਂ ਨੇ ਪੀਤਾ ਸ਼ਹਾਦਤ ਦਾ ਜਾਮ
14 ਫ਼ਰਵਰੀ 2019 ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਲਗਭਗ 2500 ਸੈਨਿਕਾਂ ਨੂੰ ਲੈ ਕੇ 78 ਬੱਸਾਂ ਵਿੱਚ ਸੀਆਰਪੀਐਫ ਦਾ ਕਾਫਲਾ ਲੰਘ ਰਿਹਾ ਸੀ। ਉਸ ਦਿਨ ਵੀ ਸੜਕ 'ਤੇ ਆਮ ਆਵਾਜਾਈ ਰਹੀ। ਸੀਆਰਪੀਐਫ ਦਾ ਕਾਫ਼ਲਾ ਪੁਲਵਾਮਾ ਪਹੁੰਚਿਆ ਹੀ ਸੀ ਕਿ ਸੜਕ ਦੇ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਸੀਆਰਪੀਐਫ ਦੇ ਕਾਫ਼ਲੇ ਨਾਲ ਜਾ ਰਹੀ ਗੱਡੀ ਵਿੱਚ ਟਕਰਾ ਗਈ। ਜਿਵੇਂ ਹੀ ਸਾਹਮਣੇ ਤੋਂ ਆ ਰਹੀ ਗੱਡੀ ਜਵਾਨਾਂ ਦੇ ਕਾਫ਼ਲੇ ਨਾਲ ਟਕਰਾਈ, ਉਸ ਵਿੱਚ ਧਮਾਕਾ ਹੋ ਗਿਆ। ਇਸ ਘਾਤਕ ਹਮਲੇ ਵਿੱਚ ਸੀਆਰਪੀਐਫ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ।
ਉਸ ਦਿਨ ਹਰ ਅੱਖ ਹੋਈ ਨਮ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਸਮੇਂ ਲਈ ਸਭ ਕੁਝ ਧੂੰਏਂ 'ਚ ਬਦਲ ਗਿਆ। ਜਿਵੇਂ ਹੀ ਧੂੰਆਂ ਹੱਟਿਆ ਤਾਂ ਉੱਥੇ ਦਾ ਦ੍ਰਿਸ਼ ਇੰਨਾ ਡਰਾਉਣਾ ਸੀ ਕਿ ਇਸ ਨੂੰ ਦੇਖ ਕੇ ਪੂਰਾ ਦੇਸ਼ ਰੋ ਪਿਆ। ਉਸ ਦਿਨ ਪੁਲਵਾਮਾ 'ਚ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਜਵਾਨਾਂ ਦੀਆਂ ਲਾਸ਼ਾਂ ਇਧਰ-ਉਧਰ ਖਿੱਲਰੀਆਂ ਪਈਆਂ ਸਨ। ਚਾਰੇ ਪਾਸੇ ਖੂਨ ਅਤੇ ਫੌਜੀਆਂ ਦੇ ਸਰੀਰ ਦੇ ਟੁਕੜੇ ਦਿਖਾਈ ਦੇ ਰਹੇ ਸਨ। ਸਿਪਾਹੀ ਆਪਣੇ ਸਾਥੀਆਂ ਦੀ ਭਾਲ ਵਿੱਚ ਰੁੱਝੇ ਹੋਏ ਸਨ। ਫੌਜ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਹੜਕੰਪ ਮਚ ਗਿਆ।
ਜੈਸ਼ ਦੇ ਨਿਸ਼ਾਨੇ ਉੱਤੇ ਸਨ 2500 ਜਵਾਨ
ਜਵਾਨਾਂ ਦਾ ਕਾਫਲਾ ਜੰਮੂ ਦੇ ਚੇਨਾਨੀ ਰਾਮਾ ਟਰਾਂਜ਼ਿਟ ਕੈਂਪ ਤੋਂ ਸ਼੍ਰੀਨਗਰ ਲਈ ਰਵਾਨਾ ਹੋਇਆ ਸੀ। ਸਵੇਰੇ ਤੜਕੇ ਰਵਾਨਾ ਹੋਏ ਸੈਨਿਕਾਂ ਨੇ ਸੂਰਜ ਡੁੱਬਣ ਤੋਂ ਪਹਿਲਾਂ ਸ੍ਰੀਨਗਰ ਦੇ ਬਖਸ਼ੀ ਸਟੇਡੀਅਮ ਵਿੱਚ ਟਰਾਂਜ਼ਿਟ ਕੈਂਪ ਪਹੁੰਚਣਾ ਸੀ। ਇਹ ਸਫ਼ਰ ਕਰੀਬ 320 ਕਿਲੋਮੀਟਰ ਲੰਬਾ ਸੀ ਅਤੇ ਫ਼ੌਜੀ ਸਵੇਰੇ 3:30 ਵਜੇ ਤੋਂ ਸਫ਼ਰ ਕਰ ਰਹੇ ਸਨ। ਜੰਮੂ ਤੋਂ 78 ਬੱਸਾਂ ਵਿੱਚ 2500 ਜਵਾਨਾਂ ਦਾ ਕਾਫ਼ਲਾ ਰਵਾਨਾ ਹੋਇਆ ਸੀ।
ਪਰ, ਪੁਲਵਾਮਾ 'ਚ ਹੀ ਜੈਸ਼ ਦੇ ਅੱਤਵਾਦੀਆਂ ਨੇ ਇਨ੍ਹਾਂ ਜਵਾਨਾਂ ਨੂੰ ਨਿਸ਼ਾਨਾ ਬਣਾਇਆ। ਜਿਸ ਵਿੱਚ ਕਈ ਜਵਾਨ ਸ਼ਹੀਦ ਹੋਏ ਸਨ। ਫ਼ੌਜੀਆਂ ਦੇ ਇਸ ਕਾਫ਼ਲੇ ਵਿੱਚ ਕਈ ਫ਼ੌਜੀ ਛੁੱਟੀ ਪੂਰੀ ਕਰਕੇ ਡਿਊਟੀ ’ਤੇ ਪਰਤੇ ਸਨ। ਇਸ ਦੇ ਨਾਲ ਹੀ ਬਰਫ਼ਬਾਰੀ ਕਾਰਨ ਸ੍ਰੀਨਗਰ ਜਾਣ ਵਾਲੇ ਫ਼ੌਜੀ ਵੀ ਉਸੇ ਕਾਫ਼ਲੇ ਦੀਆਂ ਬੱਸਾਂ ਵਿੱਚ ਸਫ਼ਰ ਕਰ ਰਹੇ ਸਨ। ਜੈਸ਼ ਸਾਰੇ 2500 ਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ।
ਜੈਸ਼ ਨੇ ਲਈ ਸੀ ਇਸ ਘਾਤਕ ਹਮਲੇ ਦੀ ਜ਼ਿੰਮੇਵਾਰੀ
ਇਸ ਅੱਤਵਾਦੀ ਹਮਲੇ ਤੋਂ ਬਾਅਦ ਇਸ ਹਮਲੇ ਦੀ ਜਾਣਕਾਰੀ ਸੀਆਰਪੀਐਫ ਅਧਿਕਾਰੀ ਨੇ ਦਿੱਤੀ। ਉਸ ਨੇ ਉਸ ਸਮੇਂ ਦੱਸਿਆ ਸੀ ਕਿ ਕਾਫਲੇ 'ਚ 70 ਦੇ ਕਰੀਬ ਬੱਸਾਂ ਸਨ, ਜਿਨ੍ਹਾਂ 'ਚੋਂ ਇਕ ਬੱਸ 'ਤੇ ਹਮਲਾ ਹੋਇਆ। ਕਾਫ਼ਲਾ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਅੱਤਵਾਦੀ ਸੰਗਠਨ ਜੈਸ਼ ਨੇ ਟੈਕਸਟ ਮੈਸੇਜ ਭੇਜ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਜੈਸ਼ ਨੇ ਇਹ ਸੰਦੇਸ਼ ਕਸ਼ਮੀਰ ਦੀ ਇੱਕ ਨਿੱਜੀ ਨਿਊਜ਼ ਏਜੰਸੀ ਨੂੰ ਭੇਜਿਆ ਸੀ।
ਇਹ ਵੀ ਪੜ੍ਹੋ:Assembly Election 2022 Live updates: ਯੂਪੀ, ਗੋਆ ਅਤੇ ਉੱਤਰਾਖੰਡ 'ਚ ਵੋਟਿੰਗ ਜਾਰੀ