ਬੈਂਗਲੁਰੂ: ਕਰਨਾਟਕ ਦੇ ਸਿਹਤ ਵਿਭਾਗ ਨੇ ਸਕੂਲਾਂ ਅਤੇ ਕਾਲਜਾਂ ਨੂੰ ਕੋਵਿਡ -19 ਦੇ ਵੱਧ ਰਹੇ ਮਾਮਲਿਆਂ, ਖਾਸ ਕਰਕੇ ਬੈਂਗਲੁਰੂ ਵਿੱਚ, ਸਾਵਧਾਨੀ ਦੇ ਉਪਾਅ ਯਕੀਨੀ ਬਣਾਉਣ ਲਈ ਕਿਹਾ ਹੈ। ਕਰਨਾਟਕ ਦੀ ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ 'ਚ 31 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਸਕਾਰਾਤਮਕ ਆਏ ਹਨ। ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਵੱਧ ਕੇ 582 ਹੋ ਗਈ ਹੈ। ਸਕਾਰਾਤਮਕਤਾ ਦਰ 2.69 ਫੀਸਦੀ ਤੋਂ ਵੱਧ ਕੇ 2.83 ਫੀਸਦੀ ਹੋ ਗਈ ਹੈ।
6 ਵੀਂ ਜਮਾਤ 'ਚ ਪੜ੍ਹ ਰਹੇ ਨਿਊ ਸਟੈਂਡਰਡ ਇੰਗਲਿਸ਼ ਸਕੂਲ ਦੇ 21 ਵਿਦਿਆਰਥੀਆਂ ਅਤੇ 5ਵੀਂ ਜਮਾਤ ਵਿੱਚ ਪੜ੍ਹ ਰਹੇ ਐਮਈਐਸ ਸਕੂਲ ਦੇ 10 ਵਿਦਿਆਰਥੀਆਂ ਦਾ ਕੋਵਿਡ ਟੈਸਟ ਪੋਜ਼ੀਟਿਵ ਪਾਇਆ ਗਿਆ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਸੀ ਜਦੋਂ ਟੀਕਾਕਰਨ ਦੌਰਾਨ ਲੱਛਣ ਵਾਲੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ। ਦੋਵੇਂ ਸਕੂਲਾਂ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ।
ਬੈਂਗਲੁਰੂ ਮਹਾਨਗਰ ਪਾਲੀਕੇ (BBMP) ਨੇ ਵੀ ਸਾਵਧਾਨੀ ਦੇ ਉਪਾਅ ਸ਼ੁਰੂ ਕਰਨ ਅਤੇ ਬੈਂਗਲੁਰੂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਕੋਰੋਨਾ ਪ੍ਰੋਟੋਕੋਲ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਿੱਖਿਆ ਸੰਸਥਾਵਾਂ ਨੂੰ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਲਈ ਦਾਖ਼ਲੇ ਸਮੇਂ ਲਾਜ਼ਮੀ ਥਰਮਲ ਸਕੈਨਿੰਗ ਕਰਵਾਉਣ ਲਈ ਕਿਹਾ ਗਿਆ ਹੈ।