ਮੁੰਬਈ: ਮੁੰਬਈ ਪੁਲਿਸ ਨੇ 26 ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲਿਆਂ 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਹੋਰ ਦੋਸ਼ੀ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਮੁੰਬਈ ਪੁਲਿਸ ਨੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਖ਼ਿਲਾਫ਼ ਇੱਥੇ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਰਾਣਾ ਇਸ ਸਮੇਂ ਅਮਰੀਕਾ ਵਿੱਚ ਹਿਰਾਸਤ ਵਿੱਚ ਹੈ। ਪੁਲਿਸ ਨੇ ਮੁੰਬਈ ਹਮਲਿਆਂ ਵਿੱਚ ਉਸਦੀ ਭੂਮਿਕਾ ਨੂੰ ਲੈ ਕੇ ਕਈ ਦੋਸ਼ ਲਗਾਏ ਹਨ। ਪੁਲਿਸ ਮੁਤਾਬਕ ਰਾਣਾ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੇ ਸੰਪਰਕ ਵਿੱਚ ਸੀ। ਦੋਵਾਂ ਵਿਚਾਲੇ ਕਾਫੀ ਗੱਲਬਾਤ ਹੁੰਦੀ ਸੀ। ਹੈਡਲੀ 26/11 ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ।
400 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ: ਮੁੰਬਈ ਪੁਲਿਸ ਹੁਣ ਤੱਕ ਇਸ ਮਾਮਲੇ ਵਿੱਚ ਚਾਰ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਤਾਜ਼ਾ ਚਾਰਜਸ਼ੀਟ 400 ਤੋਂ ਵੱਧ ਪੰਨਿਆਂ ਦੀ ਹੈ। ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਸੋਮਵਾਰ ਨੂੰ ਅਦਾਲਤ ਦੀ ਰਜਿਸਟਰੀ 'ਚ ਚਾਰਜਸ਼ੀਟ ਪੇਸ਼ ਕੀਤੀ। ਇਕ ਸਰਕਾਰੀ ਵਕੀਲ ਨੇ ਕਿਹਾ ਕਿ ਤਸਦੀਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੰਗਲਵਾਰ ਨੂੰ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦਸਤਾਵੇਜ਼ ਆਉਣ ਦੀ ਸੰਭਾਵਨਾ ਹੈ।
ਰਾਣਾ ਖਿਲਾਫ ਮਿਲੇ ਨਵੇਂ ਸਬੂਤ: ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਉਨ੍ਹਾਂ ਨੇ ਇਸ ਮਾਮਲੇ ਵਿੱਚ ਰਾਣਾ ਦੇ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 39ਏ (ਇੱਕ ਅੱਤਵਾਦੀ ਸੰਗਠਨ ਨੂੰ ਸਹਾਇਤਾ ਪ੍ਰਦਾਨ ਕਰਨ ਨਾਲ ਸਬੰਧਤ ਅਪਰਾਧ) ਜੋੜਿਆ ਹੈ। ਅਧਿਕਾਰੀ ਨੇ ਕਿਹਾ ਕਿ ਸਾਨੂੰ ਬਿਆਨਾਂ ਅਤੇ ਦਸਤਾਵੇਜ਼ਾਂ ਦੇ ਰੂਪ 'ਚ ਰਾਣਾ ਖਿਲਾਫ ਕੁਝ ਨਵੇਂ ਸਬੂਤ ਮਿਲੇ ਹਨ।
166 ਲੋਕਾਂ ਦੀ ਹੱਤਿਆ: ਹਾਲਾਂਕਿ, ਅਗਸਤ ਵਿੱਚ, 2008 ਦੇ ਮੁੰਬਈ ਅੱਤਵਾਦੀ ਹਮਲਿਆਂ ਲਈ ਭਾਰਤ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਾਰੋਬਾਰੀ ਦੀ ਹਵਾਲਗੀ 'ਤੇ ਰੋਕ ਲਗਾ ਦਿੱਤੀ ਗਈ ਸੀ। 26 ਨਵੰਬਰ 2008 ਨੂੰ ਪਾਕਿਸਤਾਨ ਤੋਂ 10 ਅੱਤਵਾਦੀ ਸਮੁੰਦਰੀ ਰਸਤੇ ਰਾਹੀ ਮੁੰਬਈ ਵਿੱਚ ਦਾਖਲ ਹੋਏ ਸਨ। ਦਾਖਲੇ ਤੋਂ 60 ਘੰਟੇ ਬਾਅਦ ਜਦੋਂ ਤੱਕ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਮਾਰ ਨਹੀ ਦਿੱਤਾ ਉਸ ਸਮੇ ਤੱਕ ਅੱਤਵਾਦੀਆਂ ਨੇ 166 ਲੋਕਾਂ ਨੂੰ ਮਾਰ ਦਿੱਤਾ ਸੀ।
ਇਨ੍ਹਾਂ 10 ਅੱਤਵਾਦੀਆਂ ਵਿੱਚ ਅਜਮਲ ਕਸਾਬ ਵੀ ਸ਼ਾਮਲ ਸੀ, ਜਿਸ ਨੂੰ ਜ਼ਿੰਦਾ ਫੜ ਲਿਆ ਗਿਆ ਸੀ ਅਤੇ ਬਾਅਦ ਵਿੱਚ ਇੱਕ ਵਿਸ਼ੇਸ਼ ਅਦਾਲਤ ਦੁਆਰਾ ਮੁਕੱਦਮਾ ਚਲਾ ਕੇ ਮੌਤ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਇਸ ਮਾਮਲੇ ਵਿੱਚ ਕਸਾਬ ਨੂੰ ਦੋਸ਼ੀ ਠਹਿਰਾਇਆ ਅਤੇ ਦੋ ਸਾਲ ਬਾਅਦ ਨਵੰਬਰ 2012 ਵਿੱਚ ਉਸ ਨੂੰ ਪੁਣੇ ਦੀ ਯਰਵਦਾ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ।