ਕਾਬੁਲ: ਅਫਗਾਨਿਸਤਾਨ ਦੇ ਪੱਛਮ (earthquake hits western Afghanistan) 'ਚ ਸਥਿਤ ਬਦਗਿਸ ਸੂਬੇ 'ਚ ਸੋਮਵਾਰ ਦੁਪਹਿਰ ਨੂੰ ਤੁਰਕਮੇਨਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ 'ਚ ਭੂਚਾਲ ਦੇ ਦੋ ਝਟਕੇ ਆਏ ਅਤੇ ਇਸ ਕਾਰਨ ਹੋਏ ਹਾਦਸਿਆਂ 'ਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਖ਼ਦਸ਼ਾ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਭੂਚਾਲ ਨਾਲ ਪ੍ਰਭਾਵਿਤ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।
ਸੂਬੇ ਦੇ ਸੱਭਿਆਚਾਰ ਅਤੇ ਸੂਚਨਾ ਵਿਭਾਗ ਦੇ ਮੁਖੀ ਬਾਸ ਮੁਹੰਮਦ ਸਰਵਰੀ ਨੇ ਦੱਸਿਆ ਕਿ ਭੂਚਾਲ ਕਾਰਨ ਹੋਈ ਤਬਾਹੀ ਵਿੱਚ ਕਈ ਘਰ ਢਹਿ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ 5.3 ਤੀਬਰਤਾ ਦਾ ਪਹਿਲਾ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਮਹਿਸੂਸ ਕੀਤਾ ਗਿਆ, ਜਦਕਿ 4.9 ਦੀ ਤੀਬਰਤਾ ਵਾਲਾ ਦੂਜਾ ਭੂਚਾਲ ਸ਼ਾਮ 4 ਵਜੇ ਮਹਿਸੂਸ ਕੀਤਾ ਗਿਆ। ਸਰਵਰੀ ਮੁਤਾਬਕ ਸੂਬੇ ਦੇ ਦੱਖਣੀ ਹਿੱਸੇ 'ਚ ਸਥਿਤ ਕਾਦੀਸ ਜ਼ਿਲੇ 'ਚ ਸਭ ਤੋਂ ਜ਼ਿਆਦਾ ਨੁਕਸਾਨ ਅਤੇ ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਹੋਇਆ ਹੈ।