ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਮੀਟਿੰਗ ਕੀਤੀ ਗਈ। ਇਸ ਬੈਠਕ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਮੌਜੂਦ ਸਨ। ਇਹ ਬੈਠਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਚ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿੱਚ ਕੀਤੀ ਗਈ।
ਜਨਰਲ ਸਕੱਤਰਾਂ, ਸੂਬਾ ਇੰਚਾਰਜਾਂ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਮੀਟਿੰਗ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਸਾਨੂੰ ਵਿਚਾਰਧਾਰਕ ਤੌਰ 'ਤੇ ਭਾਜਪਾ/ਆਰਐਸਐਸ ਦੀ ਸ਼ੈਤਾਨੀ ਮੁਹਿੰਮ ਨਾਲ ਲੜਨਾ ਚਾਹੀਦਾ ਹੈ। ਜੇਕਰ ਸਾਨੂੰ ਇਹ ਲੜਾਈ ਜਿੱਤਣੀ ਹੈ ਤਾਂ ਸਾਨੂੰ ਦ੍ਰਿੜ ਇਰਾਦੇ ਨਾਲ ਅਜਿਹਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ, 'ਮੈਂ ਅਨੁਸ਼ਾਸਨ ਅਤੇ ਏਕਤਾ ਦੀ ਸਰਵਉੱਚ ਲੋੜ 'ਤੇ ਮੁੜ ਜ਼ੋਰ ਦੇਣਾ ਚਾਹਾਂਗਾ। ਸਾਡੇ ਤੋਂ ਹਰ ਇੱਕ ਦੇ ਲਈ ਜੋ ਮਾਇਨੇ ਰਖਦਾ ਹੈ, ਉਹ ਹੈ ਸੰਗਠਨ ਦੀ ਮਜਬੂਤੀ, ਸਾਨੂੰ ਨਿੱਜੀ ਇੱਛਾਵਾਂ ਨੂੰ ਛੱਡ ਦੇਣਾ ਚਾਹੀਦਾ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸਾਨੂੰ ਆਪਣੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ, ਰੁਜ਼ਗਾਰ ਅਤੇ ਮੌਕਿਆਂ ਲਈ ਲੜ ਰਹੇ ਨੌਜਵਾਨਾਂ, ਛੋਟੇ ਅਤੇ ਦਰਮਿਆਨੇ ਪੱਧਰ ਦੇ ਕਾਰੋਬਾਰਾਂ, ਖਾਸ ਕਰਕੇ ਸਾਡੇ ਗਰੀਬ ਭਰਾਵਾਂ ਅਤੇ ਭੈਣਾਂ ਲਈ ਆਪਣੀ ਲੜਾਈ ਨੂੰ ਮਜ਼ਬੂਤ ਕਰਨਾ ਹੋਵੇਗਾ ਜੋ ਇਸ ਸਰਕਾਰ ਦੀਆਂ ਵਧੀਕੀਆਂ ਦਾ ਸ਼ਿਕਾਰ ਹਨ।