ਨਵੀਂ ਦਿੱਲੀ: ਏਅਰਏਸ਼ੀਆ ਇੰਡੀਆ ਦੇ 2 ਏ320 ਜਹਾਜ਼ ਜੋ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਸਨ, ਸ਼ਨੀਵਾਰ ਨੂੰ ਲਗਭਗ 6 ਘੰਟਿਆਂ ਦੇ ਅੰਦਰ-ਅੰਦਰ ਤਕਨੀਕੀ ਖਰਾਬੀ ਦਾ ਸਾਹਮਣਾ ਕਰਨ ਦੇ ਬਾਅਦ ਰਾਸ਼ਟਰੀ ਰਾਜਧਾਨੀ ਵਾਪਸ ਪਰਤ ਗਏ। ਇਸ ਫਲਾਈਟ ਵਿੱਚ ਸਵਾਰ ਇਕ ਯਾਤਰੀ ਨੇ ਪੀਟੀਆਈ ਨੂੰ ਦੱਸਿਆ ਕਿ ਰਜਿਸਟ੍ਰੇਸ਼ਨ ਨੰਬਰ ਵੀਟੀ-ਏਪੀਜੇ ਵਾਲੇ ਏ320 ਏਅਰਕ੍ਰਾਫਟ 'ਤੇ ਚਲਾਈ ਜਾ ਰਹੀ ਦਿੱਲੀ-ਸ਼੍ਰੀਨਗਰ ਫਲਾਈਟ ਆਈ5-712 ਨੇ ਸਵੇਰੇ 11.55 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ
ਯਾਤਰੀ ਨੇ ਦੱਸਿਆ ਕਿ ਜਹਾਜ਼ ਦੇ ਅੱਧੇ ਘੰਟੇ ਤੱਕ ਹਵਾ ਵਿਚ ਰਹਿਣ ਤੋਂ ਬਾਅਦ ਪਾਇਲਟ ਨੇ ਘੋਸ਼ਣਾ ਕੀਤੀ ਕਿ ਜਹਾਜ਼ (VT-APJ) ਤਕਨੀਕੀ ਖਰਾਬੀ ਦਾ ਸਾਹਮਣਾ ਕਰ ਰਿਹਾ ਹੈ। ਯਾਤਰੀ ਨੇ ਦੱਸਿਆ VT-APJ ਜਹਾਜ਼ ਸਾਰੇ ਯਾਤਰੀਆਂ ਨਾਲ ਦੁਪਹਿਰ 1.45 ਵਜੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਰੂਪ ਨਾਲ ਵਾਪਸ ਪਰਤਿਆ।
ਯਾਤਰੀ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਨੰਬਰ VT-RED ਵਾਲਾ ਇੱਕ ਹੋਰ A320 ਜਹਾਜ਼ I5-712 ਉਡਾਣ ਦਾ ਸੰਚਾਲਨ ਕਰਨ ਲਈ ਏਅਰਲਾਈਨ ਦੁਆਰਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਫਸੇ ਹੋਏ ਯਾਤਰੀਆਂ ਨੂੰ ਸ਼੍ਰੀਨਗਰ ਲਿਜਾਇਆ ਜਾ ਸਕੇ। ਦੂਜੇ ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਪਾਇਲਟ ਨੇ ਘੋਸ਼ਣਾ ਕੀਤੀ ਕਿ ਇਸ ਜਹਾਜ਼ (VT-RED) ਵਿੱਚ ਵੀ ਤਕਨੀਕੀ ਖਰਾਬੀ ਆ ਗਈ ਹੈ ਅਤੇ ਇਸ ਨੂੰ ਦਿੱਲੀ ਹਵਾਈ ਅੱਡੇ 'ਤੇ ਵਾਪਸ ਜਾਣਾ ਪਏਗਾ।