ਨਵੀਂ ਦਿੱਲੀ: ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਨੇਤਾ ਜਗਦੀਸ਼ ਟਾਇਟਲਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਿੱਖ ਵਿਰੋਧੀ ਦੰਗਿਆਂ ਦੇ 39 ਸਾਲ ਬੀਤ ਜਾਣ ਤੋਂ ਬਾਅਦ ਵੀ ਕਾਰਵਾਈ ਕਰਦੇ ਹੋਏ ਸੀਬੀਆਈ ਵੱਲੋਂ ਜਗਦੀਸ਼ ਟਾਇਟਲਰ ਦਾ ਵਾਇਸ ਸੈਂਪਲ (ਆਵਾਜ਼ ਦਾ ਨਮੂਨਾ) ਜਾਂਚ ਲਈ ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ (CFSL) ਲੈਬ ਵਿੱਚ ਲਿਆਂਦਾ ਗਿਆ ਹੈ। ਇੱਥੇ ਜਗਦੀਸ਼ ਦੀ ਆਵਾਜ਼ ਦੇ ਸੈਂਪਲ ਦੀ ਰਿਕਾਰਡਿੰਗ ਰਾਹੀਂ ਜਾਂਚ ਕਰਦੇ ਹੋਏ, ਬਾਕੀ ਹੋਰ ਪੁਰਾਣੇ ਮਾਮਲਿਆਂ ਵਿੱਚ ਉਸ ਦੀ ਭੂਮਿਕਾ ਦੀ ਤਫਤੀਸ਼ ਕੀਤੀ ਜਾਵੇਗੀ।
ਜ਼ਰੂਰੀ ਹੋਇਆ ਸੈਂਪਲ ਲੈਣਾ: ਮੀਡੀਆ ਰਿਪਰੋਟਾਂ ਮੁਤਾਬਕ, ਏਜੰਸੀ ਨੂੰ ਪੁਰਾਣੇ ਦੰਗਾ ਮਾਮਲਿਆਂ ਵਿੱਚ ਨਵੇਂ ਸਬੂਤ ਮਿਲੇ ਹਨ। ਇਸ ਕਾਰਨ ਆਵਾਜ਼ ਦਾ ਸੈਂਪਲ ਲੈਣਾ ਜ਼ਰੂਰੀ ਹੋ ਗਿਆ ਹੈ। ਟਾਈਟਲਰ ਨੂੰ ਰਾਸ਼ਟਰੀ ਰਾਜਧਾਨੀ ਦੇ ਪੁਲ ਬੰਗਸ਼ ਇਲਾਕੇ 'ਚ 1984 'ਚ ਹੋਈ ਹਿੰਸਾ ਦੇ ਮਾਮਲੇ 'ਚ ਸੀਬੀਆਈ ਨੇ ਤਲਬ ਕੀਤਾ ਸੀ ਜਿਸ 'ਚ ਤਿੰਨ ਹਜ਼ਾਰ ਲੋਕ ਮਾਰੇ ਗਏ ਸਨ। ਟਾਈਟਲਰ 'ਤੇ ਪੀੜਤਾਂ ਦੀ ਹੱਤਿਆ ਕਰਨ ਵਾਲੀ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਪਹਿਲਾਂ ਹੀ ਜਗਦੀਸ਼ ਟਾਇਟਲਰ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
ਜਾਣੋ ਕੀ ਹੈ ਮਾਮਲਾ:31 ਅਕਤੂਬਰ 1984 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਦਿੱਲੀ ਵਿੱਚ ਸਿੱਖ ਵਿਰੋਧੀ ਦੰਗੇ ਹੋਏ ਅਤੇ ਹਜ਼ਾਰਾਂ ਲੋਕ ਇਸ ਦੰਗੇ ਵਿੱਚ ਮਾਰੇ ਗਏ ਸਨ। ਕਈ ਦਿਨਾਂ ਤੱਕ ਇਹ ਦੰਗੇ ਦਿੱਲੀ ਦੇ ਕੁਝ ਸਿੱਖ ਰਿਹਾਇਸ਼ੀ ਇਲਾਕਿਆਂ ਵਿੱਚ ਚੱਲਦੇ ਰਹੇ। ਇਨ੍ਹਾਂ ਦੰਗਿਆਂ ਵਿਚ ਦਿੱਲੀ ਵਿਚ ਤਿੰਨ ਹਜ਼ਾਰ ਸਿੱਖ ਮਾਰੇ ਗਏ ਸਨ। ਉਨ੍ਹਾਂ ਦੇ ਘਰ, ਦੁਕਾਨਾਂ ਸਾੜ ਦਿੱਤੀਆਂ ਅਤੇ ਲੁੱਟੀਆਂ ਗਈਆਂ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ। ਇੱਥੋ ਤੱਕ ਕਿ ਔਰਤਾਂ ਨਾਲ ਬਲਾਤਕਾਰ ਵੀ ਕੀਤੇ ਗਏ ਸਨ।
5 ਜੂਨ 1984, ਨੂੰ ਕੀ ਹੋਇਆ:ਇੰਦਰਾ ਗਾਂਧੀ ਨੇ ਪੰਜਾਬ ਵਿੱਚ ਸਿੱਖ ਅੱਤਵਾਦ ਨੂੰ ਦਬਾਉਣ ਲਈ ਆਪ੍ਰੇਸ਼ਨ ਬਲਿਊ ਸਟਾਰ ਸ਼ੁਰੂ ਕੀਤਾ। ਇਸ ਆਪਰੇਸ਼ਨ ਵਿਚ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਸਮੇਤ ਕਈ ਮਾਰੇ ਗਏ ਸਨ ਅਤੇ ਇਸ ਆਪਰੇਸ਼ਨ ਵਿਚ ਹਰਿਮੰਦਰ ਸਾਹਿਬ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਸੀ। ਭਿੰਡਰਾਂਵਾਲੇ ਦੀ ਮੌਤ ਅਤੇ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੀ ਤਬਾਹੀ ਦਾ ਬਦਲਾ ਲੈਣ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਸ ਦੇ ਸਿੱਖ ਅੰਗ ਰੱਖਿਅਕਾਂ ਨੇ ਕਤਲ ਕਰ ਦਿੱਤਾ ਸੀ।
31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ, ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਪਾਸੇ, ਵਿਦੇਸ਼ ਦੌਰੇ ਤੋਂ ਪਰਤ ਰਹੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜਦੋਂ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਸੁਣ ਕੇ ਸਿੱਧਾ ਏਮਜ਼ ਪਹੁੰਚੇ ਤਾਂ, ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਕਈ ਇਲਾਕਿਆਂ ਵਿੱਚ ਸਿੱਖਾਂ ਵਿਰੁੱਧ ਦੰਗੇ ਭੜਕ ਗਏ ਜਿਸ ਦੀ ਸ਼ੁਰੂਆਤ ਤ੍ਰਿਲੋਕਪੁਰੀ ਤੋਂ ਹੋਈ। ਪੀਟੀਆਈ ਦੀ ਰਿਪੋਰਟ ਮੁਤਾਬਕ ਦਿੱਲੀ ਵਿੱਚ ਹੀ ਕਰੀਬ 2700 ਲੋਕ ਮਾਰੇ ਗਏ ਸਨ ਅਤੇ ਦੇਸ਼ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 3500 ਦੇ ਕਰੀਬ ਸੀ।