ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਆਰੋਪੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸ਼ੁੱਕਰਵਾਰ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਰਾਊਜ਼ ਐਵੇਨਿਊ ਸਥਿਤ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ। ਜ਼ਮਾਨਤ ਮਿਲਣ ਤੋਂ ਬਾਅਦ ਟਾਈਟਲਰ ਨੂੰ ਹੁਣ ਗ੍ਰਿਫਤਾਰੀ ਦਾ ਖ਼ਤਰਾ ਨਹੀਂ ਹੈ।
ਟਾਈਟਲਰ ਨੂੰ ਦੁਪਹਿਰ 12 ਵਜੇ ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ (ਏਸੀਐਮਐਮ) ਵਿਧੀ ਗੁਪਤਾ ਆਨੰਦ ਦੀ ਅਦਾਲਤ ਵਿੱਚ ਪੇਸ਼ ਕੀਤਾ। ਟਾਈਟਲਰ ਦੀ ਪੇਸ਼ੀ ਦੇ ਮੱਦੇਨਜ਼ਰ ਅਦਾਲਤੀ ਕੰਪਲੈਕਸ ਦੇ ਗੇਟ ਤੋਂ ਲੈ ਕੇ ਦੂਸਰੀ ਮੰਜ਼ਿਲ 'ਤੇ ਸਥਿਤ ਕੋਰਟ ਰੂਮ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਦਿੱਲੀ ਪੁਲਿਸ ਤੇ ਅਰਧ ਸੈਨਿਕ ਬਲਾਂ ਦੀ ਵੱਡੀ ਗਿਣਤੀ ਇੱਥੇ ਤਾਇਨਾਤ ਕੀਤੀ ਗਈ।
ਅਸਲ ਵਿੱਚ ਸੀਬੀਆਈ ਵੱਲੋਂ 20 ਮਈ ਨੂੰ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਕੀਤੀ ਗਈ, ਸਪਲੀਮੈਂਟਰੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਟਾਈਟਲਰ ਨੂੰ 26 ਜੁਲਾਈ ਨੂੰ ਸੰਮਨ ਜਾਰੀ ਕੀਤੇ ਸਨ। ਅਦਾਲਤ ਨੇ ਸੰਮਨ ਜਾਰੀ ਕਰਕੇ ਟਾਈਟਲਰ ਨੂੰ 5 ਅਗਸਤ ਨੂੰ ਅਦਾਲਤ 'ਚ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੇ ਅੱਜ ਟਾਈਟਲਰ ਦੀ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ DSGMC 1984 ਦੇ ਸਿੱਖ ਦੰਗਾ ਪੀੜਤਾਂ ਦਾ ਕੇਸ ਲੜ ਰਹੀ ਹੈ। ਟਾਈਟਲਰ ਨੂੰ ਅਦਾਲਤ ਤੋਂ ਅਗਾਊਂ ਜ਼ਮਾਨਤ ਮਿਲਣ ਦੇ ਵਿਰੋਧ 'ਚ ਦੰਗਾ ਪੀੜਤਾਂ ਨੇ ਸ਼ੁੱਕਰਵਾਰ ਨੂੰ ਵੀ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ। ਅੱਜ ਵੀ ਪੀੜਤ ਧਿਰ ਵੱਲੋਂ ਜਗਦੀਸ਼ ਟਾਈਟਲਰ ਨੂੰ ਸਜ਼ਾ ਅਤੇ ਆਪਣੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਹੈ।