ਜਮਸ਼ੇਦਪੁਰ : ਆਪਣੀ ਪੜ੍ਹਾਈ ਜਾਰੀ ਰੱਖਣ ਦੇ ਮਕਸਦ ਨਾਲ ਸੜਕ ਅੰਬ ਵੇਚ ਕੇ ਸਮਾਰਟ ਫੋਨ ਲਈ ਪੈਸੇ ਜਮ੍ਹਾਂ ਕਰ ਰਹੀ ਜਮਸ਼ੇਦਪੁਰ ਦੀ 12 ਸਾਲਾ ਤੁਲਸੀ ਦੇ ਸੁਪਨੇ ਉਦੋਂ ਪੂਰੇ ਹੋਣ ਲੱਗੇ ਜਦੋਂ ਮੁੰਬਈ ਸਥਿਤ ਕੰਪਨੀ ਵੈਲਿਊਏਬਲ ਐਜੂਟੇਨਮੈਂਟ ਪ੍ਰਰਾਈਵੇਟ ਲਿਮਟਿਡ ਦੇ ਐਮਡੀ ਅਮਯ ਹੇਟੇ ਕੋਲ ਉਸ ਦੀ ਆਵਾਜ਼ ਪੁੱਜੀ ਤਾਂ ਹੇਟੇ ਨੇ ਤੁਲਸੀ ਦੇ ਇੱਕ ਦਰਜਨ ਅੰਬ 1 ਲੱਖ 20 ਹਜ਼ਾਰ ਰੁਪਏ 'ਚ ਖਰੀਦ ਕੇ ਮਦਦ ਕੀਤੀ। ਹੇਟੇ ਨੇ ਨਗਦ ਪੈਸਿਆਂ ਦੇ ਨਾਲ ਤੁਲਸੀ ਨੂੰ ਇੱਕ ਸਮਾਰਟ ਫੋਨ ਵੀ ਭੇਜਿਆ। ਇਸ ਦੇ ਨਾਲ ਹੀ ਉਸ ਫੋਨ 'ਚ ਦੋ ਸਾਲ ਤੱਕ ਲਈ ਇੰਟਰਨੈਟ ਪੈਕ ਵੀ ਪੁਆ ਕੇ ਦਿੱਤਾ ਹੈ।
ਜਮਸ਼ੇਦਪੁਰ ਦੇ ਬਿਸ਼ਟੂਪੁਰ ਸਥਿਤ ਬਾਗਮਤੀ ਰੋਡ ਇਲਾਕੇ 'ਚ ਇਕ ਸਰਕਾਰੀ ਬੰਗਲੇ ਦੇ ਆਊਟਹਾਊਸ 'ਚ ਤੁਲਸੀ ਦਾ ਪਰਿਵਾਰ ਰਹਿੰਦਾ ਹੈ। ਕੋਰੋਨਾ ਕਾਲ 'ਚ ਤੁਲਸੀ ਦੇ ਪਿਤਾ ਦੀ ਨੌਕਰੀ ਛੁੱਟ ਗਈ, ਜਿਸ ਦੇ ਚਲਦੇ ਉਸ ਦਾ ਸਕੂਲ ਵੀ ਬੰਦ ਹੋ ਗਿਆ। ਤੁਲਸੀ ਪੜ੍ਹ-ਲਿਖ ਕੇ ਅਫਸਰ ਬਣਨਾ ਚਾਹੁੰਦੀ ਹੈ ਪਰ ਆਨਲਾਈਨ ਪੜ੍ਹਾਈ ਲਈ ਸਮਾਰਟ ਫੋਨ ਜ਼ਰੂਰੀ ਸੀ। ਪਿਤਾ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਤੁਲਸੀ ਲਈ ਸਮਾਰਟ ਫੋਨ ਖ਼ਰੀਦ ਸਕਣ। ਅਜਿਹੇ 'ਚ ਸੜਕ ਕੰਢੇ ਦਰੱਖਤਾਂ ਤੋਂ ਪੱਕ ਕੇ ਡਿੱਗੇ ਅੰਬ ਵੇਚ ਕੇ ਉਹ ਸਮਾਰਟ ਫੋਨ ਲਈ ਪੈਸੇ ਜਮ੍ਹਾਂ ਕਰਨ ਲੱਗੀ ਪਰ ਪੰਜ-10 ਹਜ਼ਾਰ ਰੁਪਏ ਜਮ੍ਹਾਂ ਕਰਨ ਲਈ ਵੱਡੀ ਚੁਣੌਤੀ ਸਾਬਤ ਹੋ ਰਹੀ ਸੀ।