ਕੁਸ਼ੀਨਗਰ:ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਬੁੱਧਵਾਰ ਦੇਰ ਸ਼ਾਮ ਇਕ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਗਮ 'ਚ ਹਲਦੀ ਦੀ ਰਸਮ ਦੌਰਾਨ ਕਈ ਲੜਕੀਆਂ ਅਤੇ ਔਰਤਾਂ ਖੂਹ 'ਚ ਡਿੱਗ ਗਈਆਂ। ਇਨ੍ਹਾਂ 'ਚੋਂ ਲੜਕੀਆਂ ਸਮੇਤ 13 ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਹਲਦੀ ਸਮਾਰੋਹ ਦੌਰਾਨ ਸਾਰੇ ਖੂਹ ਦੇ ਜਾਲ 'ਤੇ ਬੈਠ ਕੇ ਪੂਜਾ ਕਰ ਰਹੇ ਸਨ, ਜਾਲੀ ਟੁੱਟਣ ਕਾਰਨ ਸਾਰੇ ਉਸ 'ਚ ਡਿੱਗ ਗਏ।
ਇਹ ਵੀ ਪੜੋ:ਦੀਪ ਸਿੱਧੂ ਮੌਤ ਮਾਮਲਾ: ਹਰਿਆਣਾ ਪੁਲਿਸ ਹਾਦਸੇ ਦਾ ਕਾਰਨ ਪਤਾ ਕਰਨ ਲਈ ਕਰੇਗੀ ਇਹ ਕੰਮ
ਹਾਦਸੇ ਤੋਂ ਬਾਅਦ ਲੋਕਾਂ ਨੇ ਸਾਰਿਆਂ ਨੂੰ ਖੂਹ 'ਚੋਂ ਕੱਢ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਘਟਨਾ ਨੇਬੂਆ ਨੌਰੰਗੀਆ ਥਾਣਾ ਖੇਤਰ ਦੀ ਹੈ।
ਦੱਸਿਆ ਜਾਂਦਾ ਹੈ ਕਿ ਨੌਰੰਗੀਆ ਸਕੂਲ ਟੋਲਾ ਵਾਸੀ ਪਰਮੇਸ਼ਵਰ ਕੁਸ਼ਵਾਹਾ ਦੇ ਵਿਆਹ ਸਮਾਗਮ ਤਹਿਤ ਹਲਦੀ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਰਾਤ ਕਰੀਬ 10 ਵਜੇ ਪਿੰਡ ਦੇ ਵਿਚਕਾਰ ਬਣੇ ਪੁਰਾਣੇ ਖੂਹ ਕੋਲ 50-60 ਔਰਤਾਂ ਅਤੇ ਲੜਕੀਆਂ ਖੜ੍ਹੀਆਂ ਸਨ। ਖੂਹ ਨੂੰ ਲੋਹੇ ਦੇ ਜਾਲ ਨਾਲ ਢੱਕਿਆ ਹੋਇਆ ਸੀ, ਜਿਸ 'ਤੇ ਕਈ ਲੋਕ ਚੜ੍ਹ ਗਏ ਸਨ। ਫਿਰ ਖੂਹ ਕੋਲ ਖੜ੍ਹੀਆਂ ਕਈ ਔਰਤਾਂ ਅਤੇ ਲੜਕੀਆਂ ਲੋਹੇ ਦਾ ਜਾਲ ਟੁੱਟਣ ਕਾਰਨ ਖੂਹ ਵਿੱਚ ਡਿੱਗ ਗਈਆਂ ਅਤੇ ਪਾਣੀ ਵਿੱਚ ਡੁੱਬ ਗਈਆਂ। ਕੁਸ਼ੀਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਐਸ. ਰਾਜਲਿੰਗਮ ਨੇ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਿੱਤੇ ਜਾਣਗੇ।