ਪਰਲਜ ਕੰਪਨੀ ਦੇ 500 ਏਕੜ ਫਾਰਮ ਵਿੱਚ ਸਰਗਰਮ ਖਣਨ ਮਾਫੀਆ ਤੋਂ ਕੰਪਨੀ ਦੇ ਨਿਵੇਸ਼ਕ ਪਰੇਸ਼ਾਨ - 500 acre farm
Published : Jul 12, 2024, 10:53 AM IST
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਵਿੱਚ ਸ਼ਿਵਾਲਕ ਪਹਾੜਾਂ ਦੇ ਨਜ਼ਦੀਕ ਸਥਿਤ ਚਿੱਟ ਫੰਡ ਕੰਪਨੀ ਪਰਲਜ ਦੇ ਕਰੀਬ 500 ਏਕੜ ਫਾਰਮ ਵਿੱਚ ਵਣ ਮਾਫੀਆ ਅਤੇ ਖਣਨ ਮਾਫੀਆ ਦੀਆਂ ਵਧਦੀਆਂ ਸਰਗਰਮੀਆਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਨੱਥ ਨਾ ਪਾਈ ਜਾਣ ਕਰਕੇ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਇਸ ਖੇਤਰ ਦੇ ਨਿਵੇਸ਼ਕ ਬੇਹੱਦ ਪ੍ਰੇਸ਼ਾਨ ਹਨ। ਇਸ ਸਬੰਧੀ ਕੰਪਨੀ ਦੇ ਨਿਵੇਸ਼ਕਾਂ ਦਾ ਇਕ ਇਕੱਠ ਅੱਜ ਪਿੰਡ ਰਾਮਪੁਰ ਬਿਲੜੋਂ ਦੇ ਪਰਲਜ ਫਾਰਮ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਲੰਧਰ ਤੋਂ ਪ੍ਰਧਾਨ ਕੁਲਵਿੰਦਰ ਸਿੰਘ ਮਸਿਆਣਾ, ਹੁਸ਼ਿਆਰਪੁਰ ਤੋਂ ਪ੍ਰਧਾਨ ਗੋਪਾਲ ਆਂਗਰਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਹਾਜਰ ਬੁਲਾਰਿਆਂ ਨੇ ਪੰਜਾਬ ਦੀ ਸੂਬਾ ਸਰਕਾਰ ਉੱਤੇ ਇਲਜ਼ਾਮ ਲਾਇਆ ਕਿ ਪਰਲਜ ਕੰਪਨੀ ਦੀ ਜਾਇਦਾਦ ਦੀ ਨਿਲਾਮੀ ਕਰਕੇ ਉਨ੍ਹਾਂ ਦੇ ਡੁੱਬੇ ਪੈਸੇ ਵਾਪਸ ਕਰਨ ਦੇ ਵਾਅਦੇ ਤੋਂ ਸਰਕਾਰ ਨੇ ਪਾਸਾ ਵੱਟ ਲਿਆ ਹੈ। ਨਿਵੇਸ਼ਕਾਂ ਅਨੁਸਾਰ ਪਰਲਜ ਕੰਪਨੀ ਦੀ ਸਾਜਿਸ਼ੀ ਠੱਗੀ ਦੇ ਸ਼ਿਕਾਰ ਲੋਕ ਕਰੀਬ ਦਸ ਸਾਲ ਤੋਂ ਆਪਣੀ ਮਿਹਨਤ ਦੀ ਕਮਾਈ ਹਾਸਿਲ ਕਰਨ ਲਈ ਭਟਕ ਰਹੇ ਹਨ।