ਭਗਤਾਂਵਾਲਾ ਦਾਣਾ ਮੰਡੀ ਦਾ ਦੌਰਾ ਕਰਨ ਪਹੁੰਚੇ ਸਰਵਨ ਸਿੰਘ ਪੰਧੇਰ, ਕਿਹਾ- ਡੀਸੀ ਦਫ਼ਤਰ ਜਾ ਕੇ ਬਾਸਮਤੀ ਸੁੱਟ ਕੇ ਕਰਾਂਗੇ ਰੋਸ ਪ੍ਰਦਰਸ਼ਨ - Purchase of paddy
Published : Sep 28, 2024, 10:31 AM IST
ਅੰਮ੍ਰਿਤਸਰ: ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਝੋਨੇ ਦੀ ਫਸਲ ਲੈ ਕੇ ਮੰਡੀਆਂ ਵਿੱਚ ਜਾ ਰਹੇ ਹਨ। ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ ਭਗਤਾਂ ਵਾਲਾ ਦਾਣਾ ਮੰਡੀ ਦੇ ਵਿੱਚ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਹਨ, ਪਰ ਕਿਸਾਨਾਂ ਨੂੰ ਮੰਡੀਆਂ ਵਿੱਚ ਫਸਲ ਦਾ ਪੂਰਾ ਰੇਟ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਜਿਸ ਫਸਲ ਦਾ ਪਿਛਲੇ ਸਾਲ 3500 ਤੋਂ 4000 ਰੇਟ ਮਿਲਦਾ ਸੀ ਇਸ ਸਾਲ ਉਸ ਫਸਲ ਦਾ 2000 ਤੋਂ ਲੈ ਕੇ ਸਿਰਫ 2200 ਤੱਕ ਦਾ ਹੀ ਰੇਟ ਮਿਲ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਦੇ ਮਨ ਵਿੱਚ ਨਿਰਾਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਅਗਰ 3200 ਤੋਂ ਘੱਟ ਰੇਟ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਮਿਲੇਗਾ ਅਤੇ ਸਰਕਾਰ ਰੇਟ ਵਿਚਲਾ ਫ਼ਰਕ ਖੁਦ ਪੂਰਾ ਕਰਕੇ ਦਵੇਗੀ। ਪਰ, ਸਰਕਾਰ ਇਸ ਵਿੱਚ ਕੋਈ ਵੀ ਆਪਣੀ ਦਖਲਅੰਦਾਜ਼ੀ ਨਹੀਂ ਦਿਖਾ ਰਹੀ ਜਿਸ ਦੇ ਰੋਸ ਵਜੋਂ ਅਸੀਂ ਭਲਕੇ (ਐਤਵਾਰ) ਨੂੰ ਅੰਮ੍ਰਿਤਸਰ ਡੀਸੀ ਦਫ਼ਤਰ ਵਿਖੇ ਜਾ ਕੇ ਬਾਸਮਤੀ ਸੁੱਟ ਕੇ ਰੋਸ ਪ੍ਰਦਰਸ਼ਨ ਕਰਾਂਗੇ।