ਚੰਡੀਗੜ੍ਹ: ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਇਸ ਵਿਚਾਲੇ ਅੱਜ ਤੜਕਸਾਰ ਹਰਿਆਣਾ ਪੁਲਿਸ ਨੇ ਫੁਰਮਾਨ ਜਾਰੀ ਕੀਤਾ ਸੀ ਕਿ ਉਹ ਕਿਸਾਨ ਲੀਡਰਾਂ 'ਤੇ ਐਨਐਸਏ ਲਾਉਣ ਦੀ ਤਿਆਰੀ ਕਰ ਰਹੀ ਹੈ। ਆਪਣੇ ਇਸ ਬਿਆਨ ਦੇ ਕੁਝ ਘੰਟਿਆਂ ਬਾਅਦ ਹੀ ਹਰਿਆਣਾ ਪੁਲਿਸ ਨੇ ਕਿਸਾਨ ਲੀਡਰਾਂ ਉਪਰ ਐਨਐਸਏ ਲਾਉਣ ਦੇ ਪਹਿਲੇ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ।
ਹਰਿਆਣਾ ਪੁਲਿਸ ਵਲੋਂ ਜਾਰੀ ਦੂਜਾ ਬਿਆਨ ਪਿਛਲੀ ਪੋਸਟ ਪੁਲਿਸ ਨੇ ਕੀਤੀ ਡਿਲੀਟ: ਹਰਿਆਣਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਲੀਡਰਾਂ ਉਪਰ ਐਨਐਸਏ ਨਹੀਂ ਲੱਗੇਗਾ। ਅੰਬਾਲਾ ਰੇਂਜ ਦੇ ਆਈਜੀ ਸਿਬਾਸ਼ ਕਬੀਰਾਜ ਨੇ ਕਿਹਾ ਕਿ ਕਿਸਾਨਾਂ ਉਪਰ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਕਾਰਵਾਈ ਨਹੀਂ ਹੋਏਗੀ। ਹਰਿਆਣਾ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਇਸ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਐਕਸ 'ਤੇ ਪਾਈ ਆਪਣੀ ਪਹਿਲੀ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਹੈ।
ਕਈ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਜ਼ਖ਼ਮੀ: ਅੰਬਾਲਾ ਪੁਲਿਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਵੱਲੋਂ 13 ਫਰਵਰੀ ਤੋਂ 'ਦਿੱਲੀ ਚੱਲੋ' ਮਾਰਚ ਦੇ ਸਬੰਧ 'ਚ ਸ਼ੰਭੂ ਸਰਹੱਦ 'ਤੇ ਲਗਾਏ ਗਏ ਬੈਰੀਕੇਡਾਂ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ 'ਤੇ ਪਥਰਾਅ ਕਰਕੇ ਅਤੇ ਹੰਗਾਮਾ ਕਰਕੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰੀ ਅਤੇ ਨਿੱਜੀ ਜਾਇਦਾਦ ਦਾ ਕਾਫੀ ਨੁਕਸਾਨ ਕੀਤਾ ਗਿਆ ਹੈ। ਇਸ ਅੰਦੋਲਨ ਦੌਰਾਨ 30 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇੱਕ ਪੁਲਿਸ ਮੁਲਾਜ਼ਮ ਨੂੰ ਬ੍ਰੇਨ ਹੈਮਰੇਜ ਹੋਇਆ ਹੈ ਅਤੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ।
ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼: ਅੰਬਾਲਾ ਪੁਲਿਸ ਨੇ ਕਿਹਾ ਸੀ ਕਿ, "ਕਈ ਕਿਸਾਨ ਆਗੂ ਇਸ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦਾ ਕੰਮ ਕਰ ਰਹੇ ਹਨ। ਉਹ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਵਰਗੇ ਸੋਸ਼ਲ ਮੀਡੀਆ ਰਾਹੀਂ ਭੜਕਾਊ ਭਾਸ਼ਣ ਦੇ ਕੇ ਲਗਾਤਾਰ ਪ੍ਰਚਾਰ ਕਰ ਰਹੇ ਹਨ। ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਲਈ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਹਨ ਅਤੇ ਇਸ ਅੰਦੋਲਨ ਵਿੱਚ ਅੰਦੋਲਨਕਾਰੀਆਂ ਵੱਲੋਂ ਲਗਾਤਾਰ ਭਾਸ਼ਣ ਦੇ ਕੇ ਪ੍ਰਸ਼ਾਸਨ ਖਿਲਾਫ ਭੜਕਾਇਆ ਜਾ ਰਿਹਾ ਹੈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਰਕਾਰ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਹਰਿਆਣਾ ਪੁਲਿਸ ਵਲੋਂ ਜਾਰੀ ਪਹਿਲਾ ਫੁਰਮਾਨ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ: ਇਸ ਤੋਂ ਪਹਿਲਾਂ ਪੁਲਿਸ ਐਕਸ 'ਤੇ ਪੋਸੇ 'ਚ ਲਿਖਿਆ ਸੀ ਕਿ, "ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਸੁਰੱਖਿਆ ਐਕਟ 1980 ਦੀ ਧਾਰਾ 2 (3) ਤਹਿਤ ਕਿਸਾਨ ਜਥੇਬੰਦੀਆਂ ਦੇ ਅਧਿਕਾਰੀਆਂ ਨੂੰ ਘਰਾਂ 'ਚ ਨਜ਼ਰਬੰਦ ਕਰਨ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ।"
ਨੁਕਸਾਨ ਦੀ ਵੀ ਕੀਤੀ ਜਾਵੇਗੀ ਭਰਪਾਈ :ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਹੈ ਕਿ ਅੰਦੋਲਨ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰੀ ਅਤੇ ਨਿੱਜੀ ਜਾਇਦਾਦ ਦਾ ਕਾਫੀ ਨੁਕਸਾਨ ਕੀਤਾ ਗਿਆ ਹੈ। ਅੰਦੋਲਨਕਾਰੀਆਂ ਵੱਲੋਂ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਆਮ ਲੋਕਾਂ ਨੂੰ ਪਹਿਲਾਂ ਹੀ ਸੂਚਿਤ/ਸੁਚੇਤ ਕਰ ਦਿੱਤਾ ਸੀ ਕਿ ਜੇਕਰ ਅੰਦੋਲਨਕਾਰੀਆਂ ਨੇ ਇਸ ਅੰਦੋਲਨ ਦੌਰਾਨ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਦੀ ਜਾਇਦਾਦ ਅਤੇ ਬੈਂਕ ਖਾਤੇ ਜ਼ਬਤ ਕਰ ਲਏ ਜਾਣਗੇ ਅਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਇਸ ਸਬੰਧੀ ਪੁਲਿਸ ਨੇ ਕਿਹਾ ਕਿ ਜੇਕਰ ਇਸ ਅੰਦੋਲਨ ਦੌਰਾਨ ਕਿਸੇ ਵੀ ਆਮ ਵਿਅਕਤੀ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਹੈ ਤਾਂ ਉਹ ਪ੍ਰਸ਼ਾਸਨ ਨੂੰ ਨੁਕਸਾਨ ਦਾ ਵੇਰਵਾ ਦੇ ਸਕਦਾ ਹੈ।