ਜਲੰਧਰ: ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕਾਂਡ ਦਾ ਚੌਥਾ ਮੁਲਜ਼ਮ ਜਸ਼ੀਨ ਅਖ਼ਤਰ ਜਲੰਧਰ ਦੇ ਨਕੋਦਰ ਵਿਖੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਐਨਸੀਪੀ (ਅਜੀਤ ਧੜੇ) ਦੇ ਨੇਤਾ ਬਾਬਾ ਸਿੱਦੀਕੀ ਦੀ 12 ਅਕਤੂਬਰ ਸ਼ਨੀਵਾਰ ਦੀ ਰਾਤ ਨੂੰ ਮੁੰਬਈ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਹੁਣ ਤੱਕ 3 ਮੁਲਜ਼ਮ ਹਰਿਆਣਾ ਦੇ ਗੁਰਮੇਲ, ਯੂਪੀ ਤੋਂ ਧਰਮਰਾਜ ਅਤੇ ਪੁਣੇ ਤੋਂ ਪ੍ਰਵੀਨ ਲੋਂਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਵ ਅਤੇ ਜੀਸ਼ਾਨ ਅਖਤਰ ਦੀ ਭਾਲ ਜਾਰੀ ਹੈ। ਜ਼ੀਸ਼ਾਨ 'ਤੇ ਹੋਰ ਮੁਲਜ਼ਮਾਂ ਨੂੰ ਰਹਿਣ ਲਈ ਕਮਰੇ ਮੁਹੱਈਆ ਕਰਵਾਉਣ ਦਾ ਇਲਜ਼ਾਮ ਹੈ। ਜੀਸ਼ਾਨ ਦੀ ਉਮਰ ਮਹਿਜ਼ 21 ਸਾਲ ਹੈ।
ਪੁਲਿਸ ਮੁਤਾਬਕ ਮੁਹੰਮਦ ਜ਼ੀਸ਼ਾਨ ਅਖਤਰ ਤਿੰਨਾਂ ਸ਼ੂਟਰਾਂ ਨੂੰ ਬਾਹਰੋਂ ਨਿਰਦੇਸ਼ ਦੇ ਰਿਹਾ ਸੀ। ਜਦੋਂ ਸਿੱਦੀਕੀ ਨੂੰ ਗੋਲੀ ਮਾਰੀ ਗਈ ਸੀ, ਉਦੋਂ ਵੀ ਅਖਤਰ ਸ਼ੂਟਰਾਂ ਨੂੰ ਆਪਣੀ ਲੋਕੇਸ਼ਨ ਬਾਰੇ ਜਾਣਕਾਰੀ ਦੇ ਰਿਹਾ ਸੀ। ਇਸ ਤੋਂ ਇਲਾਵਾ ਅਖਤਰ ਨੇ ਉਨ੍ਹਾਂ ਲਈ ਇਕ ਕਮਰਾ ਕਿਰਾਏ 'ਤੇ ਦੇਣ ਸਣੇ ਹੋਰ ਮਾਲੀ ਸਹਾਇਤਾ ਵਿਚ ਵੀ ਮਦਦ ਕੀਤੀ।
ਪਿਤਾ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਗੈਂਗਸਟਰ ਬਣਿਆ ਜੀਸ਼ਾਨ (Etv Bharat) ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਅਖ਼ਤਰ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਉਹ ਇਸ ਸਾਲ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਪਟਿਆਲਾ ਜੇਲ੍ਹ ਵਿੱਚ ਹੀ ਅਖ਼ਤਰ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਆਇਆ ਸੀ ਜਿਸ ਤੋਂ ਬਾਅਦ ਜੇਲ ਤੋਂ ਬਾਹਰ ਆ ਕੇ ਉਹ ਗੈਂਗ 'ਚ ਸ਼ਾਮਲ ਹੋ ਗਿਆ।
ਮਹਾਰਾਸ਼ਟਰ ਦੇ ਮਦਰਸੇ ਤੋਂ ਸਿੱਖੀ ਅਰਬੀ, ਫਾਰਸੀ ਅਤੇ ਉਰਦੂ
ਜੀਸ਼ਾਨ ਦਾ ਜਨਮ 25 ਨਵੰਬਰ 2003 ਨੂੰ ਪਿੰਡ ਸ਼ੰਕਰ, ਨਕੋਦਰ (ਜਲੰਧਰ) ਵਿਖੇ ਹੋਇਆ। ਉਸ ਦੇ ਪਿਤਾ ਮੁਹੰਮਦ ਜਮੀਲ ਮਿਸਤਰੀ ਦਾ ਕੰਮ ਕਰਦੇ ਹਨ। ਉਸ ਦੇ ਭਰਾ ਦੀ ਉਮਰ 27 ਸਾਲ ਹੈ। ਉਹ ਆਪਣੇ ਪਿਤਾ ਨਾਲ ਪੱਥਰ ਦਾ ਕੰਮ ਵੀ ਕਰਦਾ ਹੈ। ਉਸ ਦੀ ਭੈਣ ਦੀ 9 ਸਾਲ ਦੀ ਉਮਰ ਵਿੱਚ ਡੇਂਗੂ ਨਾਲ ਮੌਤ ਹੋ ਗਈ ਸੀ। ਜ਼ੀਸ਼ਾਨ ਨੇ ਮਹਾਰਾਸ਼ਟਰ ਦੇ ਇੱਕ ਮਦਰੱਸੇ ਵਿੱਚ ਅਰਬੀ, ਫ਼ਾਰਸੀ ਅਤੇ ਉਰਦੂ ਸਿੱਖੀ।
ਇਸ ਤੋਂ ਬਾਅਦ ਉਸ ਨੇ ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਅਫ਼ਜ਼ਲ ਗੜ੍ਹ ਪਿੰਡ ਦੇ ਮਦਰੱਸੇ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਛੇਵੀਂ ਜਮਾਤ ਵਿੱਚ ਉਸ ਨੇ ਪਿੰਡ ਸ਼ੰਕਰ ਦੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈ ਲਿਆ। ਇੱਥੇ ਉਸ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ਨੇ ਟਾਈਲਾਂ ਦਾ ਕੰਮ ਸ਼ੁਰੂ ਕਰ ਦਿੱਤਾ।
ਪਿਤਾ ਨਾਲ ਲਗਾਉਣ ਜਾਂਦਾ ਸੀ ਪੱਥਰ, 9 ਵਾਰਦਾਤਾਂ ਨੂੰ ਦਿੱਤਾ ਅੰਜਾਮ
ਜ਼ੀਸ਼ਾਨ ਪਿਤਾ ਨਾਲ ਪੱਥਰ (ਟਾਈਲਾਂ) ਲਗਾਉਣ ਦਾ ਕੰਮ ਕਰਦਾ ਸੀ। ਉਹ ਟਾਰਗੇਟ ਕਿਲਿੰਗ, ਕਤਲ, ਡਕੈਤੀ ਸਣੇ 9 ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਸਾਲ ਉਹ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਘਰ ਨਹੀਂ ਆਇਆ। ਉਨ੍ਹਾਂ ਨੂੰ ਟੀਵੀ ਵਿੱਚ ਹੀ ਪਤਾ ਲੱਗਾ ਹੈ ਕਿ ਉਸ ਨੂੰ ਜ਼ਮਾਨਤ ਮਿਲੀ ਸੀ ਅਤੇ ਹੁਣ ਬਾਬਾ ਸਿੱਦੀਕੀ ਕਤਲ ਮਾਮਲੇ ਵਿੱਚ ਉਸ ਦਾ ਨਾਮ ਆ ਰਿਹਾ ਹੈ।
ਜ਼ੀਸ਼ਾਨ ਨੇ ਤਰਨਤਾਰਨ ਵਿੱਚ ਪਹਿਲਾ ਕਤਲ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਵਿਕਰਮ ਬਰਾੜ ਦੇ ਕਹਿਣ 'ਤੇ ਸੌਰਭ ਮਹਾਕਾਲ ਨਾਲ ਮਿਲ ਕੇ ਕੀਤਾ ਸੀ। ਸੌਰਭ ਮਹਾਕਾਲ ਉਹੀ ਵਿਅਕਤੀ ਹੈ, ਜੋ ਸਲਮਾਨ ਖਾਨ ਦੇ ਘਰ 'ਤੇ ਧਮਕੀ ਭਰਿਆ ਪੱਤਰ ਸੁੱਟਣ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਮੁਹੱਈਆ ਕਰਵਾਉਣ ਅਤੇ ਉਸ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਉਣ 'ਚ ਸ਼ਾਮਲ ਸੀ। ਮੁੰਬਈ ਪੁਲਿਸ ਉਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਸਿੱਧੂ ਮੂਸੇਵਾਲਾ ਦਾ ਕਤਲਕਾਂਡ 'ਚ ਵੀ ਸ਼ਾਮਲ ਜਾਸ਼ੀਨ !
ਪਿੰਡ ਵਾਸੀ ਗਗਨਦੀਪ ਤੇ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਬਿਲਕੁਲ ਠੀਕ-ਠਾਕ ਹੈ। ਪਿਤਾ ਟਾਈਲ ਆਰਟਿਸਟ ਹਨ। ਗਗਨਦੀਪ ਦਾ ਕਹਿਣਾ ਹੈ ਕਿ ਜੀਸ਼ਾਨ ਪਿਛਲੇ ਤਿੰਨ-ਚਾਰ ਸਾਲਾਂ ਤੋਂ ਨਸ਼ੇ ਦਾ ਆਦੀ ਹੈ। ਪਿਤਾ ਦੀ ਕਿਸੇ ਨਾਲ ਲੜਾਈ ਹੋ ਗਈ ਤੇ ਉਨ੍ਹਾਂ ਨੂੰ ਕੁੱਝ ਕਹਿ ਦਿੱਤਾ। ਜਿਸ ਤੋਂ ਬਾਅਦ ਜੀਸ਼ਾਨ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ। ਹੁਣ ਪਤਾ ਲੱਗਾ ਹੈ ਕਿ ਬਾਬਾ ਸਿੱਦੀਕਾ ਕਤਲ ਕਾਂਡ ਵਿਚ ਉਸ ਦਾ ਨਾਂ ਸਾਹਮਣੇ ਆਇਆ ਹੈ।
ਗਗਨਦੀਪ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਤਾਂ ਵੀ ਪੁਲਿਸ ਵਾਰ-ਵਾਰ ਉਨ੍ਹਾਂ ਦੇ ਘਰ ਆਈ ਸੀ। ਲੱਗਦਾ ਸੀ ਕਿ ਇਸ ਮਾਮਲੇ ਵਿੱਚ ਉਸ ਦਾ ਵੀ ਹੱਥ ਹੋ ਸਕਦਾ ਹੈ। ਪੁਲਿਸ ਵਲੋਂ ਲਗਾਤਾਰ ਜੀਸ਼ਾਨ ਦੀ ਉਸ ਸਮੇਂ ਭਾਲ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੇ ਸਾਡੇ ਕੋਲੋਂ ਪਰਿਵਾਰ ਤੇ ਜਸ਼ੀਨ ਨੇ ਨੰਬਰ ਵੀ ਮੰਗੇ ਸਨ।
ਪਿਤਾ ਨਾਲ ਹੋਈ ਕੁੱਟਮਾਰ ਨੇ ਬਣਾਇਆ ਗੈਂਗਸਟਰ !
ਪਿੰਡ ਵਾਸੀਆਂ ਮੁਤਾਬਕ, ਸਾਲ 2021 ਵਿੱਚ ਇਸੇ ਪਿੰਡ ਦਾ ਇੱਕ ਨੌਜਵਾਨ ਜੀਸ਼ਾਨ ਦੇ ਪਿਤਾ ਕੋਲ ਕੰਮ ਸਿੱਖਦਾ ਸੀ। ਉਸ ਨੌਜਵਾਨ ਨੇ ਜ਼ੀਸ਼ਾਨ ਦੇ ਘਰੋਂ ਫ਼ੋਨ ਚੋਰੀ ਕਰ ਲਿਆ ਅਤੇ ਦੁਕਾਨਦਾਰ ਨੂੰ ਵੇਚ ਦਿੱਤਾ। ਦੁਕਾਨਦਾਰ ਨੇ ਜ਼ੀਸ਼ਾਨ ਦੇ ਪਿਤਾ ਨੂੰ ਦੱਸਿਆ ਕਿ ਉਸ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਨੇ ਉਸ ਦਾ ਫ਼ੋਨ ਵੇਚ ਦਿੱਤਾ ਹੈ। ਜਦੋਂ ਜੀਸ਼ਾਨ ਦੇ ਪਿਤਾ ਨੇ ਨੌਜਵਾਨ ਤੋਂ ਫੋਨ 'ਤੇ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਉਸ ਦੀ ਕੁੱਟਮਾਰ ਕੀਤੀ। ਜਦੋਂ ਜ਼ੀਸ਼ਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪਿਤਾ ਨਾਲ ਕੀਤੇ ਹਮਲੇ ਦਾ ਬਦਲਾ ਲੈਣ ਦਾ ਫੈਸਲਾ ਕੀਤਾ।
ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ
ਪੁਲਿਸ ਮੁਤਾਬਕ ਜੀਸ਼ਾਨ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਲਾਰੈਂਸ ਦੇ ਕਰੀਬੀ ਦੋਸਤ ਵਿਕਰਮ ਬਰਾੜ ਦੇ ਸੰਪਰਕ ਵਿੱਚ ਆਇਆ ਸੀ। ਜ਼ੀਸ਼ਾਨ ਨੇ ਵਿਕਰਮ ਬਰਾੜ ਨਾਲ ਕਰੀਬ 20 ਦਿਨਾਂ ਤੱਕ ਵਟਸਐਪ 'ਤੇ ਗੱਲ ਕੀਤੀ। ਅਗਸਤ 2021 ਵਿੱਚ ਵਿਕਰਮ ਬਰਾੜ ਨੇ ਜੀਸ਼ਾਨ ਨੂੰ ਕੋਟਕਪੂਰਾ ਇਲਾਕੇ ਵਿੱਚ ਜਾਣ ਲਈ ਕਿਹਾ। ਇਸ ਦੇ ਲਈ ਜੀਸ਼ਾਨ ਨੇ ਜਾਣਬੁੱਝ ਕੇ ਘਰ ਵਿਚ ਲੜਾਈ-ਝਗੜਾ ਕੀਤਾ, ਤਾਂ ਜੋ ਪਰਿਵਾਰ ਵਾਲਿਆਂ ਨੂੰ ਉਸ ਦੇ ਜਾਣ ਦਾ ਦੁੱਖ ਨਾ ਲੱਗੇ। ਜੀਸ਼ਾਨ ਆਪਣੇ 3 ਫੋਨ ਅਤੇ ਕੱਪੜੇ ਲੈ ਕੇ ਘਰੋਂ ਨਿਕਲ ਗਿਆ। ਜੀਸ਼ਾਨ ਨੇ ਪੈਸਿਆਂ ਲਈ ਆਪਣਾ ਇੱਕ ਫ਼ੋਨ ਵੇਚ ਦਿੱਤਾ।
ਜੀਸ਼ਾਨ ਨੇ ਕੋਟਕਪੂਰਾ ਪਹੁੰਚ ਕੇ ਵਿਕਰਮ ਬਰਾੜ ਨਾਲ ਗੱਲਬਾਤ ਕੀਤੀ। ਕੁਝ ਸਮੇਂ ਬਾਅਦ ਸੁੱਖੀ ਜੈਤੋ ਅਤੇ ਭੋਲਾ ਨਿਹੰਗ ਸਿਲਵਰ ਰੰਗ ਦੀ ਐਕਸਯੂਵੀ ਕਾਰ ਵਿੱਚ ਜੀਸ਼ਾਨ ਨੂੰ ਲੈਣ ਆਏ। ਜਿਸ ਨੇ ਉਸ ਤੋਂ ਫੋਨ ਖੋਹ ਲਿਆ ਅਤੇ ਸਿਮ ਵੀ ਤੋੜ ਦਿੱਤਾ। ਉਸ ਨੇ ਦੋਵੇਂ ਫ਼ੋਨ ਕੋਟਕਪੂਰਾ ਵਿੱਚ ਵੇਚੇ ਸਨ। ਉਹ ਇੱਥੇ ਭੋਲਾ ਨਿਹੰਗ ਦੇ ਘਰ ਠਹਿਰਿਆ। ਇੱਥੇ ਸੌਰਭ ਮਹਾਕਾਲ ਨੇ ਉਸ ਨੂੰ ਤਿੰਨ ਪਿਸਤੌਲ ਦਿੱਤੇ। ਸੌਰਭ ਨੂੰ ਵਿਕਰਮ ਨੇ ਖੁਦ ਭੇਜਿਆ ਸੀ।