ਚੰਡੀਗੜ੍ਹ: ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਪੈਦਾ ਹੋਣ ਵਾਲੇ ਪੰਜਾਬ ਦੇ ਉੱਘੇ ਕਵੀ ਅਤੇ ਸ਼ਾਇਰ ਸੁਰਜੀਤ ਪਾਤਰ ਅੱਜ 79 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਸੁਰਜੀਤ ਪਾਤਰ ਨੇ ਆਪਣੀ ਕਲਾ ਦੇ ਨਾਲ ਸਮਾਜ ਦੇ ਹਰ ਪਹਿਲੂ ਨੂੰ ਛੂਹਿਆ ਅਤੇ ਪੰਜਾਬ ਦੇ ਕਾਵਿ ਅਤੇ ਸਾਹਿਤ ਜਗਤ ਨੂੰ ਨਵੀਂ ਉਡਾਣ ਦਿੱਤੀ।
ਪਾਤਰ ਦੀਆਂ ਮਸ਼ਹੂਰ ਰਚਨਾਵਾਂ: ਜੇਕਰ ਸੁਰਜੀਤ ਪਾਤਰ ਦੀ ਪੰਜਾਬ ਸਾਹਿਤ ਜਗਤ ਨੂੰ ਦੇਣ ਦੀ ਗੱਲ ਕਰੀਏ ਤਾਂ ਉਹ ਕਦੇ ਖਤਮ ਹੋਣ ਵਿੱਚ ਨਹੀਂ ਆ ਸਕਦੀ। ਉਨ੍ਹਾਂ ਨੇ ਦੁਨੀਆਂ ਭਰ ਵਿੱਚ ਮਸ਼ਹੂਰ ਹੋਈਆਂ ਕਵਿਤਾਵਾਂ ਅਤੇ ਗਜ਼ਲਾਂ ਆਦਿ ਸਾਹਿਤ ਨੂੰ ਦਿੱਤੀਆਂ ਹਨ ਉਨ੍ਹਾਂ ਦੀਆਂ ਮਸ਼ਹੂਰ ਕਵਿਤਾਵਾਂ ਵਿੱਚ ਕੁੱਝ ਇਸ ਤਰ੍ਹਾਂ ਹਨ...
- ਹਵਾ ਵਿੱਚ ਲਿਖੇ ਹਰਫ਼
- ਬਿਰਖ ਅਰਜ਼ ਕਰੇ
- ਹਨੇਰੇ ਵਿੱਚ ਸੁਲਗਦੀ ਵਰਨਮਾਲਾ
- ਲਫ਼ਜ਼ਾਂ ਦੀ ਦਰਗਾਹ
- ਪਤਝੜ ਦੀ ਪਾਜ਼ੇਬ
- ਸੁਰ-ਜ਼ਮੀਨ
- ਚੰਨ ਸੂਰਜ ਦੀ ਵਹਿੰਗੀ
ਸੁਰਜੀਤ ਪਾਤਰ ਦੀਆਂ ਰਚਨਾਵਾਂ ਵਿੱਚ ਹਰ ਝਲਕ ਵੇਖਣ ਨੂੰ ਮਿਲੀ ਹੈ।
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ
ਪੈੜਾਂ ਤੇਰੀਆਂ ‘ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ
ਪਿਆਂ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ
ਕਦੀ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ