ਮੌਨਸੂਨ ਸੁਸਤ, ਕਿਸਾਨ ਪ੍ਰੇਸ਼ਾਨ (ETV BHARAT (ਰਿਪੋਰਟ - ਬਠਿੰਡਾ)) ਬਠਿੰਡਾ: ਪੰਜਾਬ ਵਿੱਚ ਹਰ ਸਾਲ ਮੌਨਸੂਨ 25 ਜੂਨ ਤੋਂ ਬਾਅਦ ਆ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਪਾਲਣ ਵਿੱਚ ਵੱਡੀ ਸਹਾਇਤਾ ਹੁੰਦੀ ਹੈ। ਉਥੇ ਹੀ ਫਸਲਾਂ 'ਤੇ ਹੋਣ ਵਾਲੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਹਮਲਿਆਂ ਤੋਂ ਨਿਜਾਤ ਮਿਲਦੀ ਹੈ ਪਰ ਇਸ ਵਾਰ ਮੌਨਸੂਨ ਪੰਜਾਬ ਵਿੱਚ ਸੁਸਤ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਸਬੰਧੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਂਹ ਘੱਟ ਪੈਣ ਕਾਰਨ ਕਿਸਾਨ ਪ੍ਰੇਸ਼ਾਨ: ਉਥੇ ਪੰਜਾਬ ਦਾ ਕਿਸਾਨ ਫਸਲਾਂ ਨੂੰ ਲੈ ਕੇ ਵੱਡੀਆਂ ਦਿੱਕਤਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਪਿੰਡ ਦਿਆਉਣ ਦੇ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਮੌਨਸੂਨ ਦੇ ਆਉਣ ਨਾਲ ਜਿੱਥੇ ਫਸਲਾਂ ਨੂੰ ਵੱਡਾ ਲਾਭ ਮਿਲਦਾ ਹੈ, ਉਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਝੋਨੇ ਅਤੇ ਨਰਮੇ ਦੀਆਂ ਫਸਲਾਂ ਦੇ ਪੱਤਿਆਂ 'ਤੇ ਅਕਸਰ ਹੀ ਕੀੜੇ ਮਕੌੜਿਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਉਥੈ ਹੀ ਮੀਂਹ ਹੋਣ ਨਾਲ ਇਹ ਕੀੜੇ ਮਕੌੜੇ ਨਸ਼ਟ ਹੋ ਜਾਂਦੇ ਹਨ। ਕਈ ਤਰ੍ਹਾਂ ਦੇ ਨਦੀਨ ਵੀ ਫਸਲਾਂ ਵਿੱਚ ਪੈਦਾ ਹੋ ਜਾਂਦੇ ਹਨ, ਜੋ ਮੀਂਹ ਕਾਰਨ ਆਪਣੇ ਆਪ ਖਤਮ ਹੋ ਜਾਂਦੇ ਹਨ।
ਬਿਜਲੀ ਤੇ ਡੀਜਲ ਫੂਕ ਦੇ ਰਹੇ ਪਾਣੀ: ਕਿਸਾਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਮੌਨਸੂਨ ਸੁਸਤ ਹੈ, ਇੱਕ ਵਾਰ ਮੀਂਹ ਪੈਣ ਉਪਰੰਤ ਮੁੜ ਬਾਰਿਸ਼ ਨਾ ਹੋਣ ਕਰਕੇ ਝੋਨੇ ਦੀ ਫਸਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਜਿੱਥੇ ਧਰਤੀ ਹੇਠਲੇ ਪਾਣੀ ਦੇ ਵਰਤੋਂ ਕਰਨੀ ਪੈ ਰਹੀ ਹੈ, ਉਥੇ ਹੀ ਬਿਜਲੀ ਅਤੇ ਡੀਜ਼ਲ 'ਤੇ ਖਰਚਾ ਕਰਕੇ ਧਰਤੀ ਹੇਠਲੇ ਪਾਣੀ ਨੂੰ ਵਰਤਿਆ ਜਾ ਰਿਹਾ ਹੈ। ਦੂਸਰਾ ਇੰਨੀ ਦਿਨੀਂ ਝੋਨੇ 'ਤੇ ਕੀੜੇ ਮਕੌੜਿਆਂ ਵੱਲੋਂ ਵੀ ਹਮਲਾ ਸ਼ੁਰੂ ਕਰ ਦਿੱਤਾ ਗਿਆ ਹੈ। ਭਾਵੇਂ ਰੇਹਾਂ ਸਪਰੇਹਾਂ ਰਾਹੀਂ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਝੋਨੇ ਨੂੰ ਪੱਤਾ ਲਪੇਟ ਅਤੇ ਜੜਾ ਦੀ ਸੁੰਡੀ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ।
ਮੌਨਸੂਨ ਸੁਸਤ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵਧੀ ਹੈ, ਕਿਉਂਕਿ ਮੀਂਹ ਘੱਟ ਪੈਣ ਕਾਰਨ ਕਿਸਾਨਾਂ ‘ਤੇ ਇਸ ਦਾ ਬੋਝ ਵੱਧੇਗਾ। ਮੀਂਹ ਘੱਟ ਪੈਣ ਨਾਲ ਕਿਸਾਨਾਂ ਨੂੰ ਪੱਲੇ ਤੋਂ ਤੇਲ ਖਰਚ ਕਰਕੇ ਝੋਨੇ ਨੂੰ ਪਾਣੀ ਨੂੰ ਦੇਣਾ ਪਵੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਖਪਤ ਜਿਆਦਾ ਹੋਵੇਗੀ। ਇਸ ਦੇ ਨਾਲ ਹੀ ਮੀਂਹ ਨਾ ਪੈਣ ਕਾਰਨ ਝੋਨੇ ਨੂੰ ਕੀੜੇ ਮਕੌੜਿਆਂ ਦੇ ਹਮਲੇ ਦੀ ਜਿਆਦਾ ਸੰਭਾਵਨਾ ਹੈ, ਜੋ ਕਿਸਾਨਾਂ ਲਈ ਸਿਰਦਰੀ ਬਣੇਗਾ।- ਰਾਮ ਸਿੰਘ, ਕਿਸਾਨ ਆਗੂ
ਫਸਲਾਂ ਨੂੰ ਬਿਮਾਰੀ ਲੱਗਣ ਦਾ ਡਰ:ਉਨ੍ਹਾਂ ਕਿਹਾ ਕਿ ਮੌਨਸੂਨ ਦੇ ਆਉਣ ਨਾਲ ਭਾਵੇਂ ਕਿਸਾਨਾਂ ਨੂੰ ਰਾਹਤ ਮਿਲੀ ਸੀ ਪਰ ਪੰਜਾਬ ਦੇ ਵਿੱਚ ਮੌਨਸੂਨ ਸੁਸਤ ਹੋ ਜਾਣ ਕਾਰਨ ਹੁਣ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫਸਲ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਵਾਰ ਗਰਮੀ ਜਿਆਦਾ ਪੈਣ ਕਾਰਨ ਸਬਜ਼ੀਆਂ ਦੀਆਂ ਫਸਲਾਂ ਬੁਰੀ ਤਰ੍ਹਾਂ ਝੁਲਸੀਆਂ ਗਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹਿਲਾਂ ਹੀ ਝੱਲਣਾ ਪਿਆ ਹੈ। ਹੁਣ ਇਹੀ ਖਤਰਾ ਝੋਨੇ ਅਤੇ ਨਰਮੇ ਦੀ ਫਸਲ 'ਤੇ ਮੰਡਰਾਉਣ ਲੱਗਿਆ ਹੈ ਕਿਉਂਕਿ ਮੌਨਸੂਨ ਸੁਸਤ ਹੋਣ ਕਾਰਨ ਝੋਨੇ ਦੀ ਫਸਲ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਹੈ।