ਅੰਮ੍ਰਿਤਸਰ:ਸੋਸ਼ਲ ਮੀਡੀਆ ਉਤੇ ਆਏ ਦਿਨ ਕਈ ਪ੍ਰਕਾਰ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਕੁੱਝ ਵੀਡੀਓਜ਼ ਸਿਰਫ਼ ਮੰਨੋਰੰਜਨ ਕਰਨ ਲਈ ਹੁੰਦੀਆਂ ਹਨ ਅਤੇ ਕਈ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ, ਜਿਸ ਨੂੰ ਦੇਖ ਕੇ ਆਮ ਇਨਸਾਨ ਸਹਿਜ ਨਹੀਂ ਰਹਿ ਪਾਉਂਦਾ ਹੈ, ਜਿੰਨ੍ਹਾਂ ਵਿੱਚ ਕਈ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਦੇਖਣ ਨੂੰ ਮਿਲਦੀ ਹੈ।
ਇਸੇ ਤਰ੍ਹਾਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਹ ਵੀਡੀਓ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਹੈ, ਜਿੱਥੇ 'ਮੁੱਖ ਮੰਤਰੀ' ਨਾਂਅ ਨਾਲ ਮਸ਼ਹੂਰ ਸ਼ੋਸਲ ਮੀਡੀਆ ਪ੍ਰਭਾਵਕ ਧਰਮਪ੍ਰੀਤ ਸਿੰਘ ਦੀ ਪੰਜਾਬ ਪੁਲਿਸ ਵੱਲੋਂ ਕਾਫੀ ਕੁੱਟਮਾਰ ਕੀਤੀ ਜਾ ਰਹੀ ਹੈ। ਹੁਣ ਇਸ ਪੂਰੀ ਘਟਨਾ ਉਤੇ ਐੱਸਜੀਪੀਸੀ ਦੀ ਪ੍ਰਤੀਕਿਰਿਆ ਆਈ ਹੈ।
ਪੂਰੀ ਘਟਨਾ ਉਤੇ ਕੀ ਬੋਲੇ ਐੱਸਜੀਪੀਸੀ ਦੇ ਮੈਂਬਰ
'ਮੁੱਖ ਮੰਤਰੀ' ਉਰਫ਼ ਧਰਮਪ੍ਰੀਤ ਸਿੰਘ ਨਾਲ ਹੋਈ ਕੁੱਟਮਾਰ ਉਤੇ ਐੱਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਨ੍ਹਾਂ ਨੇ ਕਿਹਾ, "ਅੱਜ ਸੋਸ਼ਲ ਮੀਡੀਆ ਉਤੇ ਇੱਕ ਬਹੁਤ ਹੀ ਮਾੜੀ ਤਸਵੀਰ ਦੇਖਣ ਵਿੱਚ ਆਈ, ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਹੈ, ਉਹ ਸੋਸ਼ਲ ਮੀਡੀਆ ਉਤੇ ਮੁੱਖ ਮੰਤਰੀ ਦੇ ਨਾਂਅ ਨਾਲ ਮਸ਼ਹੂਰ ਹੈ, ਉਸ ਨੂੰ ਪੁਲਿਸ ਦੇ ਦੋ ਮੁਲਾਜ਼ਮਾਂ, ਇੱਕ ਥਾਣੇਦਾਰ ਅਤੇ ਇੱਕ ਉਹਦਾ ਸਹਾਇਕ...ਇਸ ਨੌਜਵਾਨ ਦੀ ਬਹੁਤ ਹੀ ਮਾੜੀ ਤਰ੍ਹਾਂ ਕੁੱਟ ਮਾਰ ਕਰ ਰਹੇ ਹਨ।"
ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, "ਉਹ ਜਿੱਥੇ ਰੱਬ ਦਾ ਨਾਮ ਜਪਦਾ ਹੈ, ਉੱਥੇ ਹੀ ਉਹ ਮਿੰਨਤਾਂ ਵੀ ਕਰਦਾ ਹੈ, ਮੈਨੂੰ ਛੱਡ ਦਿਓ। ਪਰ ਜਿਸ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ ਗਈ, ਉਸ ਦੀ ਦਸਤਾਰ ਲਾਈ ਗਈ, ਉਹਦੇ ਕੇਸ ਖੋਹੇ ਗਏ...ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਾੜੀ ਤਸਵੀਰ ਹੈ, ਅਸੀਂ ਇਹ ਸਮਝਦੇ ਹਾਂ ਕਿ ਕਾਨੂੰਨ ਇਸ ਤਰ੍ਹਾਂ ਦੀ ਕਿਸੇ ਨੂੰ ਇਜਾਜ਼ਤ ਦਿੰਦਾ ਹੈ? ਜਿਹੜਾ ਕੁਝ ਇਹ ਵਾਪਰਿਆ ਪੰਜਾਬ ਦੀ ਧਰਤੀ ਉੱਤੇ ਜਾਂ ਫਿਰ ਭਾਵੇਂ ਕਿਤੇ ਵੀ ਵਾਪਰੇ, ਇਹ ਸਾਡੇ ਮਨ ਦੇ ਅੰਦਰ ਬੜਾ ਵੱਡਾ ਦੁੱਖ ਪੈਦਾ ਕਰਦਾ ਹੈ।"
'ਮੁੱਖ ਮੰਤਰੀ' ਦੀ ਕੁੱਟਮਾਰ ਉਤੇ ਐੱਸਜੀਪੀਸੀ ਦੀ ਪ੍ਰਤੀਕਿਰਿਆ (ETV Bharat) ਪੰਜਾਬ ਸਰਕਾਰ ਉਤੇ ਸੁਆਲ ਚੁੱਕਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, "ਪੁਲਿਸ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਉਸ ਨਾਲ ਕੀਤਾ ਜਾ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ, ਜਿਸਦੇ ਲਈ ਮੈਂ ਇਹ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਗੱਲ ਦਾ ਜੁਆਬ ਦੇਣਾ ਪਏਗਾ। ਕਾਰਨ ਕੀ ਹੈ ਕੀ ਨਹੀਂ ਹੈ, ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਪਰ ਜਿਸ ਤਰ੍ਹਾਂ ਦਾ ਵਿਵਹਾਰ ਪੁਲਿਸ ਕਰ ਰਹੀ ਹੈ, ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਕੋਲ ਨਹੀਂ ਹੈ। ਇਸ ਗੱਲ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ, ਅਸੀਂ ਚਾਹਾਵਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖਲ ਦੇਵੇ ਅਤੇ ਜਿਹੜੀ ਸਿੱਖ ਅਵਾਮ ਦੇ ਮਨਾਂ ਦੇ ਅੰਦਰ ਚੋਟ ਲੱਗੀ ਹੈ, ਉਸਦਾ ਬਣਦਾ ਜਵਾਬ ਜ਼ਰੂਰ ਦਵੇ।"
ਕਿਉਂ ਕੀਤੀ 'ਮੁੱਖ ਮੰਤਰੀ' ਦੀ ਕੁੱਟਮਾਰ
ਇਸ ਦੌਰਾਨ ਜਦੋਂ ਇਸ ਪੂਰੀ ਘਟਨਾ ਬਾਰੇ ਪੁਲਿਸ ਤੋਂ ਪੁੱਛਿਆ ਗਿਆ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ, '9.11.2024 ਨੂੰ ਸਾਨੂੰ ਦਰਖਾਸਤ ਦਿੱਤੀ ਗਈ ਸੀ, ਵਾਸੀ ਦੀਨੇਵਾਲ ਨੇ...ਜਦੋਂ ਅਸੀਂ ਜਾ ਕੇ ਦੇਖਿਆ ਤਾਂ ਮੁੱਖ ਮੰਤਰੀ ਉਰਫ਼ ਧਰਮਪ੍ਰੀਤ ਸਿੰਘ ਦੇ ਹੱਥ ਵਿੱਚ ਇੱਕ ਹਥੌੜੀ, ਇੱਕ ਆਰੀ ਅਤੇ ਇੱਕ ਦਾਤਰ ਹੈ, ਇਹ ਗਲੀਆਂ ਵਿੱਚ ਘੁੰਮ ਰਿਹਾ ਹੈ ਅਤੇ ਲੋਕਾਂ ਨਾਲ ਮਾਰ-ਕੁਟਾਈ ਕਰ ਰਿਹਾ, ਜਦੋਂ ਅਸੀਂ ਮੌਕੇ ਉਤੇ ਜਾ ਪੁੱਛਿਆ ਤਾਂ ਇਸ ਨੇ ਸਾਡੇ ਉਤੇ ਵੀ ਹਮਲਾ ਕੀਤਾ, ਮੇਰੀ ਵੀ ਪੱਗ ਨੂੰ ਹੱਥ ਪਾ ਕੇ ਮੇਰੀ ਵੀ ਅੱਧੀ ਪੱਗ ਲਾ ਦਿੱਤੀ। ਫਿਰ ਅਸੀਂ ਇਸ ਨੂੰ ਫੜ ਕੇ ਪੀਐੱਸ ਗੋਂਦਵਾਲ ਦੇ ਹਵਾਲੇ ਕੀਤਾ।' ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਖਿਲਾਫ਼ ਪਹਿਲਾਂ ਹੀ ਪਿੰਡ ਤੋਂ ਕਾਫੀ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਗਈਆਂ ਸਨ, ਜਿਸ ਵਿੱਚ ਕਿਸੇ ਦੇ ਕੁੱਤੇ ਨੂੰ ਮਾਰਨ ਬਾਰੇ ਵੀ ਕਿਹਾ ਜਾ ਰਿਹਾ ਹੈ।
ਕੁੱਟਮਾਰ ਕਰਨ ਵਾਲੇ ਮੁਲਾਜ਼ਮ ਹੋਏ ਸਸਪੈਂਡ
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਹੈ, ਉਦੋਂ ਤੋਂ ਇਸ ਵੀਡੀਓ ਉਤੇ ਲੋਕ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਇਸ ਤੋਂ ਇਲਾਵਾ ਪੁਲਿਸ ਨੇ ਕਰਵਾਈ ਕਰਦੇ ਹੋਏ ਇਹਨਾਂ ਦੋਵਾਂ ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਇਹ ਵੀ ਪੜ੍ਹੋ: