ਅੰਮ੍ਰਿਤਸਰ:1984 ਦੀ ਨਸਲਕੁਸ਼ੀ ਦਾ ਦਰਦ ਅਤੇ ਜ਼ਖਮ ਹਾਲੇ ਵੀ ਅੱਲ੍ਹੇ ਹਨ। ਜਿੰਨ੍ਹਾਂ ਲੋਕਾਂ ਨੇ ਉਸ ਸਮੇਂ ਉਹ ਦਰਦ ਪਿੰਡੇ 'ਤੇ ਹੰਢਾਇਆ ਉਨ੍ਹਾਂ ਦੀਆਂ ਗੱਲਾਂ ਸੁਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹੀ ਹੀ ਇੱਕ ਦਰਦਾਂ ਦੀ ਦਸਤਾਨ ਬਲਬੀਰ ਕੌਰ ਨੇ ਸੁਣਾਈ ਜੋ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਰਹਿਣ ਲੱਗ ਗਈ ਸੀ। ਉਨ੍ਹਾਂ ਦੀ ਲੂ-ਕੰਢੇ ਖੜ੍ਹੇ ਕਰਨ ਵਾਲੀਆਂ ਗੱਲਾਂ ਸੁਣ ਅੰਦਰ ਤੱਕ ਹਿਲ ਜਾਂਦਾ ਹੈ।
"ਸਿੱਖਾਂ ਨੂੰ ਤਾਂ ਮਾਰਨ 'ਤੇ ਤੁਲੇ ਸੀ"
"1984 ਦੌਰਾਨ ਇੱਕ ਹਜੂਮ ਆਇਆ ਅਤੇ ਉਹਨਾਂ ਦੇ ਘਰ ਨੂੰ ਤਬਾਹ ਕਰ ਗਿਆ। ਉਸ ਹਜੂਮ ਨੇ ਸਾਡੇ ਪਰਿਵਾਰ 'ਤੇ ਬਹੁਤ ਤਸ਼ੱਦਦ ਢਾਇਆ, ਘਰ ਨੂੰ ਅੱਗ ਲਗਾ ਦਿੱਤੀ, ਮੇਰੇ ਪਤੀ ਦੀਆਂ ਲੱਤਾਂ ਤੋੜ ਦਿੱਤੀਆਂ। ਉਹਨਾਂ ਨੇ ਸਾਨੂੰ ਲੱਕੜਾਂ 'ਤੇ ਬਿਠਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਕਈ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਜ਼ਿੰਦਾ ਹੀ ਸਾੜ ਦਿੱਤਾ। ਅੱਜ ਵੀ ਜਦੋਂ ਉਹ ਮੰਜ਼ਰ ਯਾਦ ਆਉਂਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਸੀਂ ਬੜੀਆਂ ਮਿੰਨਤਾਂ ਤਰਲੇ ਕੀਤੇ ਪਰ ਹਜੂਮ ਨੇ ਸਾਡੀ ਇੱਕ ਨਾ ਮੰਨੀ। ਹਜੂਮ 'ਚ ਪੰਜ-ਛੇ ਹਜ਼ਾਰ ਦੇ ਕਰੀਬ ਬੰਦੇ ਸਨ ਜੋ ਸਿੱਖਾਂ ਨੂੰ ਮਾਰਨ 'ਤੇ ਤੁਲੇ ਹੋਏ ਸਨ। ਉਸ ਸਮੇਂ ਇੰਝ ਲੱਗਦਾ ਸੀ ਜਿਵੇਂ ਅਸੀਂ ਅੱਜ ਹੀ ਮਰ ਮੁੱਕ ਜਾਣਾ ਪਰ ਵਾਹਿਗੁਰੂ ਦੀ ਕਿਰਪਾ ਸੀ, ਅਸੀਂ ਬਚ ਗਏ।" ਬਲਬੀਰ ਕੌਰ, ਪੀੜਤ