ਚੰਡੀਗੜ੍ਹ:ਪੰਜਾਬ ਪੁਲਿਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪੰਜਾਬ ਤੋਂ ਇੱਕ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲੈ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੇ ਇਸ ਤਸਕਰ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਦੀ ਰੋਕਥਾਮ ਦੀ ਧਾਰਾ 3(1) ਦੇ ਤਹਿਤ ਕਾਰਵਾਈ ਕੀਤੀ ਹੈ।
ਨਸ਼ਿਆਂ ਖਿਲਾਫ ਐਕਸ਼ਨ ਮੋਡ 'ਤੇ ਸਰਕਾਰ: ਸੂਬੇ ਵਿੱਚ ਇਹ ਪਹਿਲਾ ਮਾਮਲਾ ਹੈ, ਜਦੋਂ ਕਿਸੇ ਨੂੰ ਐਨਡੀਪੀਐਸ ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿੱਚ ਲੈ ਕੇ ਕਿਸੇ ਹੋਰ ਸੂਬੇ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੋਵੇ। ਇਸ ਤੋਂ ਸਾਫ ਹੈ ਕਿ ਪੰਜਾਬ ਸਰਕਾਰ ਹੁਣ ਨਸ਼ਿਆਂ ਖਿਲਾਫ ਐਕਸ਼ਨ ਮੋਡ 'ਤੇ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਗੁਰਦਾਸਪੁਰ ਸ਼ਹਿਰੀ ਵਜੋਂ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਜਾਣਕਾਰੀ ਸ਼ੇਅਰ ਕੀਤੀ ਹੈ।
ਬਿੱਲਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ 10 ਤੋਂ ਵੱਧ ਕੇਸ ਦਰਜ ਹਨ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਸੀ। ਮੁਲਜ਼ਮ ਪਾਕਿਸਤਾਨੀ ਸਮੱਗਲਰਾਂ ਨਾਲ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਹੈ।
ਕਰੀਬ 3 ਕਿਲੋ ਹੈਰੋਇਨ ਸਣੇ ਫੜਿਆ ਗਿਆ ਮੁਲਜ਼ਮ ਬਲਵਿੰਦਰ ਬਿੱਲਾ : ਬਲਵਿੰਦਰ ਬਿੱਲਾ ਦੀ ਗੱਲ ਕਰੀਏ ਤਾਂ ਉਹ ਇੱਕ ਬਦਮਾਸ਼ ਅਤੇ ਪੁਰਾਣਾ ਨਸ਼ਾ ਤਸਕਰ ਹੈ। ਜਿਸ ਦੇ ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਨਾਲ ਸਿੱਧੇ ਸਬੰਧ ਹਨ। ਬਿੱਲਾ ਨੂੰ ਅੰਮ੍ਰਿਤਸਰ ਐਸਟੀਐਫ ਨੇ 2022 ਵਿੱਚ ਅਤੇ ਮੁਹਾਲੀ ਪੁਲਿਸ ਨੇ 2019 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਗ੍ਰਿਫਤਾਰੀ ਤੋਂ ਬਾਅਦ ਬਿੱਲਾ ਜ਼ਮਾਨਤ 'ਤੇ ਰਿਹਾਅ ਹੋ ਜਾਂਦਾ ਹੈ ਅਤੇ ਫਿਰ ਤਸਕਰੀ 'ਚ ਸ਼ਾਮਲ ਹੋ ਜਾਂਦਾ ਹੈ। ਉਸ ਖ਼ਿਲਾਫ਼ ਹੁਣ ਤੱਕ 10 ਕੇਸ ਦਰਜ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਉਸ ਕੋਲੋਂ 2 ਤੋਂ 3 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਅੰਮ੍ਰਿਤਪਾਲ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ: ਪੰਜਾਬ ਵਿੱਚ ਇਹ ਦੂਜਾ ਮਾਮਲਾ ਹੈ, ਜਦੋਂ ਕਿਸੇ ਨੂੰ ਹਿਰਾਸਤ ਵਿੱਚ ਲੈ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਜੱਲੂ ਖੇੜਾ ਦੇ ਅੰਮ੍ਰਿਤਪਾਲ ਸਿੰਘ ਅਤੇ ਹੋਰ ਜ਼ਿਲ੍ਹਿਆਂ ਦੇ ਉਸ ਦੇ 9 ਸਾਥੀਆਂ ਨੂੰ ਕੌਮੀ ਸੁਰੱਖਿਆ ਐਕਟ (ਐਨਐਸਏ) ਦੀਆਂ ਧਾਰਾਵਾਂ ਤਹਿਤ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਇੱਥੇ ਇਹ ਵੀ ਦੱਸ ਦਈਏ ਕਿ ਅੰਮ੍ਰਿਤਪਾਲ ਨੇ ਲੋਕ ਸਭਾ ਚੋਣਾਂ 2024 ਦੌਰਾਨ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਚੋਣ ਲੜੀ ਅਤੇ ਜਿੱਤੀ ਵੀ, ਪਰ ਐਮਪੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਉਸ ਨੂੰ ਮੁੜ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ।