ਅੰਮ੍ਰਿਤਸਰ:ਲੋਕ ਸਭਾ ਚੋਣਾਂ 2024 ਚੱਲ ਰਹੀਆਂ ਹਨ ਅਤੇ ਇਸ ਦੌਰਾਨ ਆਪੋ-ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਜਿੱਥੇ ਵਰਕਰ, ਆਗੂ, ਵਿਧਾਇਕ ਪਿੰਡੋਂ-ਪਿੰਡ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਇਸ ਦੌਰਾਨ ਆਮ ਆਦਮੀ ਪਾਰਟੀ ਤੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੀ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਚੋਣ ਮੁਹਿੰਮ ਦੇ ਚਲਦਿਆਂ ਚੋਣ ਪ੍ਰਚਾਰ ਕਰ ਰਹੇ ਹਨ। ਪਰ ਅੱਜ ਹਲਕਾ ਜੰਡਿਆਲਾ ਦੇ ਇੱਕ ਪਿੰਡ ਵਿੱਚ ਮਾਹੌਲ ਉਸ ਵੇਲੇ ਤਨਾਵਪੂਰਨ ਹੋ ਗਿਆ, ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ ਗਏ ਤਾਂ ਇੱਕ ਦੋ ਸਵਾਲਾਂ ਤੋਂ ਮੰਤਰੀ ਅਤੇ ਕਿਸਾਨਾਂ ਦਰਮਿਆਨ ਗਰਮਾਇਸ਼ ਵਧਣ ਤੋਂ ਬਾਅਦ ਗੱਲ ਮੁਰਦਾਬਾਦ ਦੇ ਨਾਅਰਿਆਂ ਤੱਕ ਆ ਪੁੱਜੀ।
ਕਿਸਾਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ: ਦਰਅਸਲ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਹਲਕਾ ਜੰਡਿਆਲਾ ਗੁਰੂ ਦੇ ਪਿੰਡ ਕੋਟ ਖਹਿਰਾ ਪੁੱਜੇ ਸਨ। ਜਿੱਥੇ ਕਿ ਪਹਿਲਾਂ ਹੀ ਕਿਸਾਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਉਹ ਮੰਤਰੀ ਸਾਹਿਬ ਦੇ ਨਾਲੋਂ ਉਨ੍ਹਾਂ ਦੀ ਮੁਲਾਕਾਤ ਕਰਵਾਉਣ। ਜਿਸ ਤੋਂ ਬਾਅਦ ਅੱਜ ਜਦੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਕਿਸਾਨਾਂ ਦੇ ਕੋਲ ਪੁੱਜੇ ਤਾਂ ਇਸ ਦੌਰਾਨ ਕਿਸਾਨਾਂ ਵੱਲੋਂ ਆਪਣੇ ਸਵਾਲ ਜਵਾਬ ਸ਼ੁਰੂ ਕੀਤੇ। ਜਦੋਂ ਕਿਸਾਨੀ ਮੰਗਾਂ ਦੀ ਗੱਲ ਕੀਤੀ ਗਈ ਤਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਆਪਣਾ ਪੱਖ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਕੋਲੋਂ ਮਨਵਾਉਣ ਦੇ ਲਈ ਅਤੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਨਾਲ ਅੱਧੀ-ਅੱਧੀ ਰਾਤ ਤੱਕ ਮੀਟਿੰਗਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੇਰੀ ਜਿੰਮੇਵਾਰੀ ਬਤੌਰ ਬਿਜਲੀ ਮੰਤਰੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਤੁਸੀਂ ਚੈੱਕ ਕਰਦੇ ਹੋ ਕਿ ਮੋਟਰਾਂ ਦੇ ਉੱਤੇ 24 ਘੰਟੇ ਲਾਈਟ ਦਿੱਤੀ ਜਾ ਰਹੀ ਹੈ।