ਹੌਟ ਸੀਟ ਦੇ ਆਜ਼ਾਦ ਉਮੀਦਵਾਰ ਲੱਖਾ ਸਿਧਾਣਾ ਨਾਲ ਖਾਸ ਗੱਲਬਾਤ ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ, ਜਿੱਥੇ ਲਗਾਤਾਰ ਚੋਣ ਪ੍ਰਚਾਰ ਵਿੱਚ ਉਤਰੀਆਂ ਹੋਈਆਂ ਹਨ, ਉੱਥੇ ਹੀ ਆਏ ਦਿਨ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਦਲ ਬਦਲ ਰਹੇ ਹਨ। ਪੰਜਾਬ ਵਿੱਚ ਇਸ ਸਮੇਂ ਸਭ ਤੋਂ ਹੌਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਲੋਕ ਸਭਾ ਸੀਟ ਤੋਂ ਸਮਾਜ ਸੇਵੀ ਲੱਖਾ ਸਧਾਣਾ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਲੱਖਾ ਸਿਧਾਣਾ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੱਖਾ ਸਿਧਾਣਾ ਨੂੰ ਸਮਰਥਨ ਦਿੱਤਾ ਗਿਆ ਹੈ।
ਲੋਕ ਹਿੱਤ ਮੁੱਦਿਆਂ ਉੱਤੇ ਗੱਲ ਨਹੀ ਹੋ ਰਹੀ: ਲੱਖਾ ਸਿਧਾਣਾ ਵੱਲੋਂ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਅੱਜ ਜੋ ਪੰਜਾਬ ਦੇ ਹਾਲਾਤ ਹਨ, ਉਸ ਵਿੱਚ ਲੋਕ ਮੁੱਦੇ ਖ਼ਤਮ ਕਰ ਦਿੱਤੇ ਗਏ ਹਨ। ਸਿਆਸਤਦਾਨਾਂ ਵੱਲੋਂ ਇੱਕ ਦੂਜੇ ਉੱਤੇ ਨਿੱਜੀ ਇਲਜ਼ਾਮ ਲਾਏ ਜਾ ਰਹੇ ਹਨ। ਪੰਜਾਬ ਪੱਖੀ ਮੁੱਦੇ ਜਵਾਨੀ ਦਾ ਪ੍ਰਵਾਸ, ਨਸ਼ਾ, ਪੌਣ, ਪਾਣੀ ਦੂਸ਼ਿਤ ਬਾਰੇ ਸਿਆਸਤਦਾਨ ਗੱਲ ਨਹੀਂ ਕਰ ਰਹੇ। ਉਹ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੇ ਹਨ ਅਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਲੱਖਾ ਸਿਧਾਣਾ, ਹੌਟ ਸੀਟ ਦੇ ਆਜ਼ਾਦ ਉਮੀਦਵਾਰ ਸਿਆਸਤ ਦਾ ਪੱਧਰ ਹੇਠਾਂ ਡਿੱਗਿਆ:ਬਠਿੰਡਾ ਵਿੱਚ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ, ਪਰ ਵਿਕਾਸ ਜੇਕਰ ਗਲੀਆਂ ਨਾਲੀਆਂ ਨੂੰ ਲੋਕ ਮੰਨਦੇ ਹਨ ਤਾਂ ਇਹ ਉਨ੍ਹਾਂ ਦੇ ਮਾਨਸਿਕ ਨਿਗਾਰ ਦਾ ਸੰਕੇਤ ਹੈ। ਕਿਉਂਕਿ, ਲਗਾਤਾਰ ਪੰਜਾਬ ਦੀ ਜਵਾਨੀ ਵਿਦੇਸ਼ ਦਾ ਪ੍ਰਵਾਸ ਕਰ ਰਹੀ ਹੈ, ਬੇਰੁਜ਼ਗਾਰੀ ਨੂੰ ਲੈ ਕੇ ਕੋਈ ਵੀ ਸਿਆਸਤਦਾਨ ਨਹੀਂ ਬੋਲ ਰਿਹਾ ਹੈ। ਜੇਕਰ ਪਿਛਲੀਆਂ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਕੀਤੀ ਗਈ ਹੁੰਦੀ, ਤਾਂ ਅੱਜ ਪੰਜਾਬ ਦੇ ਹਾਲਾਤ ਵੱਧ ਤੋਂ ਬਦਤਰ ਨਾ ਹੁੰਦੇ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੇ 5-5 ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਨਾ ਉਤਾਰਨਾ ਪੈਂਦਾ।
ਇਹ ਰਹਿਣਗੇ ਮੁੱਦੇ:ਲੱਖਾ ਸਿਧਾਣਾ ਨੇ ਕਿਹਾ ਕਿ ਲੋਕ ਹੁਣ ਅਜਿਹੇ ਸਿਆਸਤਦਾਨਾਂ ਤੋਂ ਅੱਕ ਚੁੱਕੇ ਹਨ, ਜੋ ਸਿਰਫ ਵਾਅਦਾ ਕਰਨਾ ਜਾਣਦੇ ਹਨ, ਪਰ ਉਸ ਨੂੰ ਨਿਭਾਉਂਦੇ ਨਹੀਂ ਅਤੇ ਨਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹਨ, ਉਹ ਉਨ੍ਹਾਂ ਨੂੰ ਬਹੁਮਤ ਨਾਲ ਜਿਤਾਉਣਗੇ, ਕਿਉਂਕਿ ਉਨ੍ਹਾਂ ਵੱਲੋਂ ਆਉਣ ਵਾਲੇ 50 ਤੋਂ 60 ਸਾਲਾਂ ਦੀ ਗੱਲ ਕੀਤੀ ਜਾ ਰਹੀ ਹੈ। ਅੱਜ ਜੋ ਹਾਲਾਤ ਬਣਦੇ ਜਾ ਰਹੇ ਹਨ, ਧਰਤੀ ਹੇਠਲਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ, ਪੰਜਾਬ ਦੀ ਜਵਾਨੀ ਬੱਚੇ ਜੰਮਣ ਤੋਂ ਅਸਮਰਥ ਹੁੰਦੀ ਜਾ ਰਹੀ ਹੈ, ਪੰਜਾਬ ਦੇ ਖੇਤਾਂ ਵਿੱਚ ਲਗਾਤਾਰ ਕੀਟਨਾਸ਼ਕਾਂ ਦੀ ਵਰਤੋਂ ਵੱਧ ਰਹੀ ਹੈ, ਜੋ ਕਿ ਆਉਣ ਵਾਲੇ ਸਮੇਂ ਦੇ ਭਿਆਨਕ ਸੰਕੇਤ ਹਨ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਉਮੀਦ ਹੈ ਕਿ ਲੋਕ ਇਨ੍ਹਾਂ ਮੁੱਦਿਆਂ ਨਾਲ ਸਹਿਮਤ ਹੋਣਗੇ।