ਫਾਜ਼ਿਲਕਾ/ਚੰਡੀਗੜ੍ਹ:ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਨਾਪਾਕਿ ਹਰਕਤ ਕੀਤੀ ਹੈ। ਇਸ ਤੋਂ ਪਹਿਲਾਂ ਜਿਥੇ ਪਾਕਿਸਤਾਨ ਨਾਲ ਲੱਗਦੇ ਪੰਜਾਬ ਬਾਰਡਰਾਂ ਤੋਂ ਨਸ਼ੇ ਦੀ ਖੇਪ ਬਰਾਮਦ ਹੁੰਦੀ ਰਹੀ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਭਾਰਤ 'ਚ ਕਿਸੇ ਵੱਡੇ ਹਮਲੇ ਦੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਕਿ ਬੀਐਸਐਫ ਵਲੋਂ ਨਾਕਾਮ ਕਰ ਦਿੱਤਾ ਗਿਆ ਹੈ।
ਡਰੋਨ ਰਾਹੀਂ ਭੇਜਿਆ ਆਈਈਡੀ ਬੰਬ ਬਰਾਮਦ
ਕਾਬਿਲੇਗੌਰ ਹੈ ਕਿ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਡਰੋਨ ਰਾਹੀਂ ਭੇਜਿਆ ਗਿਆ ਆਈਈਡੀ ਬੰਬ ਬਰਾਮਦ ਕੀਤਾ ਗਿਆ ਹੈ। ਆਰਡੀਐਕਸ ਨਾਲ ਭਰੀ ਇਸ ਖੇਪ ਵਿੱਚ ਬੰਬ ਦੇ ਨਾਲ ਬੈਟਰੀਆਂ ਅਤੇ ਟਾਈਮਰ ਵੀ ਸ਼ਾਮਲ ਹਨ। ਜਦੋਂ ਬੀਐਸਐਫ ਵੱਲੋਂ ਬੰਬ ਲੱਭਿਆ ਗਿਆ ਤਾਂ ਇਸ ਨੂੰ ਬਰਾਮਦ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਮਾਮਲਾ ਵੀ ਦਰਜ ਕਰ ਲਿਆ ਹੈ।
ਦੇਖੀ ਗਈ ਸੀ ਡਰੋਨ ਦੀ ਹਰਕਤ
ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਫਾਜ਼ਿਲਕਾ ਦੇ ਅਬੋਹਰ ਸੈਕਟਰ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਹਾਦਰਪੁਰ ਨੇੜੇ ਡਰੋਨ ਦੀ ਹਰਕਤ ਦੇਖੀ ਗਈ ਸੀ। ਬੀਐਸਐਫ ਨੂੰ ਇਸ ਬਾਰੇ ਸੂਚਨਾ ਮਿਲਦਿਆਂ ਹੀ ਜਦੋਂ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਇਲਾਕੇ ਵਿੱਚੋਂ ਇੱਕ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬੰਬ ਬਰਾਮਦ ਹੋਇਆ, ਜਿਸ ਤੋਂ ਬਾਅਦ ਬੀਐਸਐਫ ਨੇ ਮੁਸਤੈਦੀ ਦਿਖਾਈ ਤੇ ਬੰਬ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ।
ਟੀਨ ਦੇ ਡੱਬੇ ਵਿੱਚ ਮਿਲਿਆ 1 ਕਿਲੋ RDX
ਗੌਰਤਲਬ ਹੈ ਕਿ ਇੱਕ ਟੀਨ ਦਾ ਡੱਬਾ ਮਿਲਿਆ ਹੈ, ਜਿਸ ਵਿੱਚ ਲੱਗਭਗ ਇੱਕ ਕਿਲੋ ਆਰਡੀਐਕਸ ਭਰਿਆ ਹੋਇਆ ਸੀ। ਜਿਸ ਦੇ ਨਾਲ ਬੈਟਰੀ ਅਤੇ ਟਾਈਮਰ ਵੀ ਹਨ। ਬੀਐਸਐਫ ਵੱਲੋਂ ਇਸ ਦੀ ਬਰਾਮਦਗੀ ਤੋਂ ਬਾਅਦ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਨ ਕਿ ਇਹ ਬੰਬ ਪਾਕਿਸਤਾਨ ਤੋਂ ਭਾਰਤ ਕਿਉਂ ਭੇਜਿਆ ਗਿਆ ਸੀ।