ਪੰਜਾਬ

punjab

ETV Bharat / state

ਜਾਣੋ ਪੰਜਾਬ ਦੀ ਸਭ ਤੋਂ ਹੋਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਲੋਕ ਸਭਾ ਦਾ ਇਤਿਹਾਸ - Lok Sabha election 2024 - LOK SABHA ELECTION 2024

Lok Sabha election 2024 : ਪੰਜਾਬ ਦੀ ਹਰ ਇੱਕ ਲੋਕ ਸਭਾ ਸੀਟ ਆਪਣੇ -ਆਪ 'ਚ ਬਹੁਤ ਅਹਿਮ ਹੈ। ਇਸੇ ਕਾਰਨ ਸਾਰੀਆਂ ਹੀ ਪਾਰਟੀਆਂ ਵੱਲੋਂ ਹਰ ਇੱਕ ਸੀਟ ਨੂੰ ਜਿੱਤਣ 'ਤੇ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਆਓ ਬਠਿੰਡਾ ਲੋਕ ਸਭਾ ਸੀਟ ਦਾ ਹਾਲ ਜਾਣਦੇ ਹਾਂ।

History of hot Bathinda Lok Sabha seats election 2024
ਜਾਣੋ ਪੰਜਾਬ ਦੀ ਸਭ ਤੋਂ ਹੋਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਲੋਕ ਸਭਾ ਦਾ ਇਤਿਹਾਸ

By ETV Bharat Punjabi Team

Published : Apr 26, 2024, 8:13 PM IST

ਬਠਿੰਡਾ: ਪੰਜਾਬ ਵਿੱਚ ਇਸ ਸਮੇਂ ਸਭ ਤੋਂ ਵੱਧ ਚਰਚਾ ਬਠਿੰਡਾ ਲੋਕ ਸਭਾ ਸੀਟ ਦੀ ਹੋ ਰਹੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੀ ਸਿਆਸਤ ਬਠਿੰਡਾ ਤੋਂ ਚਲਦੀ ਹੈ । ਬਾਦਲ ਪਰਿਵਾਰ ਵੱਲੋਂ ਬਠਿੰਡਾ ਨੂੰ ਆਪਣਾ ਪਰਿਵਾਰਕ ਹਲਕਾ ਮੰਨਿਆ ਜਾਂਦਾ ਅਤੇ ਪੰਜਾਬ ਦੀ ਸਿਆਸਤ ਵਿੱਚ ਬਾਦਲ ਪਰਿਵਾਰ ਇੱਕ ਵੱਖਰਾ ਰੁਤਬਾ ਰੱਖਦਾ ਹੈ। ਜਿਸਨੇ ਲੰਮਾ ਸਮਾਂ ਪੰਜਾਬ ਵਿੱਚ ਬਤੌਰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਵਜੋਂ ਕੰਮ ਕੀਤਾ ਹੈ।

ਬਠਿੰਡਾ ਲੋਕ ਸਭਾ ਸੀਟ ਦਾ ਇਤਿਹਾਸ:ਜੇਕਰ ਇਸ ਹੌਟ ਸੀਟ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ 1952 ਤੋਂ ਲੈ ਕੇ 2024 ਤੱਕ ਇਸ ਲੋਕ ਸਭਾ ਸੀਟ ਤੋਂ 10 ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ, ਚਾਰ ਵਾਰ ਕਾਂਗਰਸ, ਦੋ ਵਾਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚੇ । ਦੇਸ਼ ਦੀਆਂ ਸਤਾਰਾਂ ਵਾਰ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਹਲਕੇ ਤੋਂ 19 ਸੰਸਦ ਮੈਂਬਰ ਜਿੱਤ ਕੇ ਪਾਰਲੀਮੈਂਟ ਗਏ।

ਜਿੱਤੇ ਉਮੀਦਵਾਰ:ਦੇਸ਼ ਦੀਆਂ ਪਹਿਲੀ ਵਾਰ ਹੋਈਆਂ 1952 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਕਾਂਗਰਸ ਦੇ ਹੁਕਮ ਸਿੰਘ, 1957 ਵਿੱਚ ਕਾਂਗਰਸ ਦੇ ਅਜੀਤ ਸਿੰਘ, 1962 ਵਿੱਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1967 ਵਿੱਚ ਅਕਾਲੀ ਦਲ ਦੇ ਕਿੱਕਰ ਸਿੰਘ, 1971 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 1977 ਵਿੱਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1980 ਵਿੱਚ ਕਾਂਗਰਸ ਦੇ ਹਾਕਮ ਸਿੰਘ, 1984 ਵਿੱਚ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ, 1989 ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਸੁੱਚਾ ਸਿੰਘ ਮਲੋਆ, 1991 ਵਿੱਚ ਕਾਂਗਰਸ ਦੇ ਕੇਵਲ ਸਿੰਘ, 1996 ਵਿੱਚ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ, 1998 ਵਿੱਚ ਅਕਾਲੀ ਦਲ ਦੇ ਸਿੰਘ ਸਮਾਓ, 1999 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 2004 ਵਿੱਚ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ 2019 ਤੋਂ ਲਗਾਤਾਰ 2024 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇ ਹਨ।

ਕਿੰਨੇ ਵਿਧਾਨ ਸਭਾ ਹਲਕੇ:ਬਠਿੰਡਾ ਲੋਕ ਸਭਾ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਤਿੰਨ ਜਿਿਲ੍ਹਆਂ ਦੇ ਨੌ ਵਿਧਾਨ ਸਭਾ ਹਲਕੇ ਪੈਂਦੇ ਹਨ। ਜਿਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਦਾ ਲੰਬੀ ਵਿਧਾਨ ਸਭਾ ਹਲਕਾ, ਤਲਵੰਡੀ ਸਾਬੋ, ਮੌੜ ਮੰਡੀ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ ਅਤੇ ਭੁੱਚੋ ਮੰਡੀ ਹਨ।ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕੇ ਬੁਢਲਾਡਾ, ਸਰਦੂਲਗੜ੍ਹ ਅਤੇ ਮਾਨਸਾ ਸ਼ਹਿਰ ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦੇ ਹਨ।

2024 ਦੇ ਬਠਿੰਡਾ ਤੋਂ ਉਮੀਦਵਾਰ:ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਠਿੰਡਾ ਲੋਕ ਸਭਾ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਦੇ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਜੋ ਕਿ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜੇਤੂ ਰਹੇ ਸਨ। 2024 ਦੀਆਂ ਲੋਕ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕਾਂਗਰਸ ਵਿੱਚ ਸ਼ਾਮਿਲ ਹੋਏ ਚਾਰ ਵਾਰ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤਿੰਨ ਵਾਰ ਬਠਿੰਡਾ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਰਹੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਤੋੜ ਵਿਛੋੜਾ ਕਰਕੇ ਚੋਣਾਂ ਲੜ ਰਹੀ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮਰਥਨ ਦਿੱਤਾ ਗਿਆ ਹੈ।

ਬਠਿੰਡਾ ਦੀ ਜਨਤਾ ਦੇ ਮੁੱਦੇ: ਜੇਕਰ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਭੱਖਦੇ ਮੁੱਦੇ ਕਿਸਾਨਾਂ ਸੰਘਰਸ਼ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ।ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਸਿਰਦਰਦੀ ਬਣਿਆ ਹੋਇਆ ਹੈ ।ਕਾਂਗਰਸ ਲਈ ਸਭ ਤੋਂ ਵੱਡੀ ਸਿਰਦਰਦੀ ਆਪਸੀ ਖਿੱਚੋ ਤਾਣ ਬਣੀ ਹੋਈ ਹੈ ।ਜਿਸ ਦਿਨ ਦਾ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਜੀਤ ਮਹਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਦੋਂ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਦੇ ਕੱਟੜ ਵਿਰੋਧੀ ਰਹੇ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ । ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗੁਰਮੀਤ ਸਿੰਘ ਖੁੱਡੀਆਂ ਦਾ ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ। ਉਧਰ ਦੂਸਰੇ ਪਾਸੇ ਅਪਰਾਧ ਦੀ ਦੁਨੀਆ ਛੱਡ ਕੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਜੁੱਟੇ ਲੱਖਾ ਸਿਧਾਣਾ ਦਾ ਪਿਛੋਕੜ ਉਸ ਦਾ ਪਿੱਛਾ ਨਹੀਂ ਛੱਡ ਰਿਹਾ। ਹੁਣ ਵੇਖਣਾ ਇਹ ਹੋਵੇਗਾ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਵੋਟਰ ਕਿਸ ਨੂੰ ਬਹੁਮਤ ਦੇ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਭੇਜਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ।

ABOUT THE AUTHOR

...view details